ਚੰਡੀਗੜ੍ਹ: ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਫਤਹਿ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਇਹ ਸਵਾਲ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਦੇ ਹੱਕ ਵਿੱਚ ਰੈਲੀ ਦੌਰਾਨ ਐਲਾਨ ਕੀਤਾ ਸੀ ਕਿ ਜਾਖੜ ਅਗਲੇ ਮੁੱਖ ਮੰਤਰੀ ਹੋਣਗੇ। ਇਹ ਸੁਣ ਕੇ ਕਾਂਗਰਸੀ ਲੀਡਰ ਵੀ ਹੈਰਾਨ ਹੋਏ ਸੀ।
ਹੁਣ ਹੋਰ ਕਾਂਗਰਸੀ ਮੰਤਰੀ ਵੀ ਕੈਪਟਨ ਦੇ ਨਾਅਰੇ ਦਾ ਪ੍ਰਚਾਰ ਕਰਨ ਲੱਗੇ ਹਨ। ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਜਾਖੜ ਦੀ ਜਿੱਤ ਉਨ੍ਹਾਂ ਦੇ ਭਵਿੱਖ ਦੇ ਮੁੱਖ ਮੰਤਰੀ ਬਣਨ ਦਾ ਰਾਹ ਸਾਫ਼ ਕਰੇਗੀ। ਇਸ ਲਈ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕ ਨਵਾਂ ਇਤਿਹਾਸ ਰਚਣ ਲਈ ਜਾਖੜ ਨੂੰ ਸਫ਼ਲ ਬਣਾਉਣ।
ਬਾਜਵਾ ਨੇ ਕਾਂਗਰਸ ਨੂੰ ਅਸਲੀ ਅਰਥਾਂ ਵਿੱਚ ਧਰਮ ਨਿਰਪੱਖ ਤੇ ਜਮਹੂਰੀ ਰਾਜਸੀ ਪਾਰਟੀ ਕਰਾਰ ਦਿੰਦਿਆਂ ਦੱਸਿਆ ਕਿ ਪਾਰਟੀ ਵਿੱਚ ਧਰਮ ਤੇ ਜਾਤ-ਪਾਤ ਲਈ ਕੋਈ ਜਗ੍ਹਾ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਫ਼ਿਰਕੂ ਪਾਰਟੀਆਂ ਹਨ, ਜੋ ਧਰਮ ਦੇ ਨਾਂ ਉੱਤੇ ਸੌੜੀ ਸਿਆਸਤ ਕਰਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਾ ਤਾਂ ਭਾਜਪਾ ਦੇ ਰਾਜ ਵਿੱਚ ਘੱਟ ਗਿਣਤੀ ਨਾਲ ਸਬੰਧਤ ਕੋਈ ਵਿਅਕਤੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਤੇ ਨਾ ਹੀ ਅਕਾਲੀ ਦਲ ਦੇ ਰਾਜ ਵਿੱਚ ਕੋਈ ਗ਼ੈਰ ਸਿੱਖ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ।
ਦਰਅਸਲ ਬਾਜਵਾ ਦੇ ਬਿਆਨ ਮਗਰੋਂ ਕੈਪਟਨ ਦੇ ਐਲਾਨ ਦੀ ਸਮਝ ਵੀ ਆਉਣ ਲੱਗੀ ਹੈ। ਗੁਰਦਾਸਪੁਰ ਹਲਕੇ ਵਿੱਚ ਹਿੰਦੂ ਵੋਟਰਾਂ ਦੀ ਵੱਡੀ ਗਿਣਤੀ ਹੈ। ਇਸ ਲਈ ਅਕਾਲੀ ਦਲ-ਬੀਜੇਪੀ ਵੱਲੋਂ ਗੁਰਦਾਪੁਰ ਦੀਆਂ ਰੈਲੀਆਂ ਵਿੱਚ ਕੈਪਟਨ 'ਤੇ ਖਾਲਿਸਤਾਨੀਆਂ ਦੇ ਹਮਾਇਤੀ ਹੋਣ ਦੇ ਵੀ ਇਲਜ਼ਾਮ ਲਾਏ ਜਾ ਰਹੇ ਹਨ। ਇਸ ਦੀ ਕਾਟ ਲਈ ਕਾਂਗਰਸ ਹਿੰਦੂ ਲੀਡਰ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਉਭਾਰ ਰਹੀ ਹੈ।
ਇਸ ਤੋਂ ਇਲਾਵਾ ਚਰਚਾ ਹੈ ਕਿ ਕੈਪਟਨ ਦੀ ਇਹ ਆਖਰੀ ਸਿਆਸੀ ਪਾਰੀ ਹੈ। ਅਜਿਹੇ ਵਿੱਚ ਕਈ ਲੀਡਰ ਉਨ੍ਹਾਂ ਦੀ ਥਾਂ ਲੈਣ ਲਈ ਦੌੜ ਵਿੱਚ ਹਨ। ਇਨ੍ਹਾਂ ਵਿੱਚ ਨਵਜੋਤ ਸਿੱਧੂ ਦਾ ਨਾਂ ਅਹਿਮ ਹੈ। ਸਿੱਧੂ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਸਿੱਧਾ ਰਾਬਤਾ ਰੱਖਦੇ ਹਨ। ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਕੱਦ ਕੌਮੀ ਪੱਧਰ 'ਤੇ ਵਧਿਆ ਹੈ। ਅਜਿਹੇ ਵਿੱਚ ਕੈਪਟਨ ਨੇ ਜਾਣਬੁੱਝ ਕੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਵਿਰਸਤ ਸੰਭਾਲਣ ਵਾਲੇ ਮੌਜੂਦ ਹਨ।
ਗੁਰਦਾਸਪੁਰ ਫਤਹਿ ਕਰਨ ਮਗਰੋਂ ਜਾਖੜ ਬਣਨਗੇ ਮੁੱਖ ਮੰਤਰੀ?
ਏਬੀਪੀ ਸਾਂਝਾ
Updated at:
16 May 2019 02:05 PM (IST)
ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਫਤਹਿ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਇਹ ਸਵਾਲ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਦੇ ਹੱਕ ਵਿੱਚ ਰੈਲੀ ਦੌਰਾਨ ਐਲਾਨ ਕੀਤਾ ਸੀ ਕਿ ਜਾਖੜ ਅਗਲੇ ਮੁੱਖ ਮੰਤਰੀ ਹੋਣਗੇ। ਇਹ ਸੁਣ ਕੇ ਕਾਂਗਰਸੀ ਲੀਡਰ ਵੀ ਹੈਰਾਨ ਹੋਏ ਸੀ।
- - - - - - - - - Advertisement - - - - - - - - -