ਗਗਨਦੀਪ ਸ਼ਰਮਾ

ਅੰਮ੍ਰਿਤਸਰ: ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਆਪਣਾ-ਆਪਣਾ ਮੈਨੀਫੈਸਟੋ ਰਿਲੀਜ਼ ਕਰਦੀਆਂ ਹਨ। ਇਸ ਵਿੱਚ ਹਰੇਕ ਪਾਰਟੀ ਲੋਕਾਂ ਦੇ ਅੱਗੇ ਆਪਣਾ ਵਿਜ਼ਨ ਪੇਸ਼ ਕਰਦੀਆਂ ਹਨ। ਇਸ ਵਿੱਚ ਉਹ ਗੱਲਾਂ ਲਿਖਦੀਆਂ ਹਨ ਜੋ ਉਨ੍ਹਾਂ ਦੀ ਜਿੱਤ ਤੋਂ ਬਾਅਦ ਲਾਗੂ ਹੋਣਗੀਆਂ। ਇਸ ਲਈ ਮੈਨੀਫੈਸਟੋ ਵਿੱਚ ਲੋਕਾਂ ਨੂੰ ਪਸੰਦ ਆਉਣ ਵਾਲੀਆਂ ਗੱਲਾਂ ਨੂੰ ਵਧਾ ਚੜ੍ਹਾ ਕੇ ਲਿਖਣਾ ਅੱਜ ਸਿਆਸੀ ਪਾਰਟੀਆਂ ਦੀ ਆਦਤ ਹੀ ਬਣ ਗਈ ਹੈ।


ਅਸਲੀਅਤ ਇਹ ਹੈ ਕਿ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰਨੇ ਤਾਂ ਇੱਕ ਪਾਸੇ ਸਿਆਸੀ ਪਾਰਟੀਆਂ ਇਨ੍ਹਾਂ ਮੈਨੀਫੈਸਟੋ ਦੇ ਛਾਪੇ ਕਿਤਾਬਚਿਆਂ ਵੱਲ ਤੱਕਦੀਆਂ ਵੀ ਨਹੀਂ। ਇਸ ਦੀ ਜਿਉਂਦੀ ਜਾਗਦੀ ਮਿਸਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਾਰੀ ਕੀਤੇ ਮੈਨੀਫੈਸਟੋ ਵਿੱਚ ਲਿਖੇ ਵਾਅਦੇ ਸੀ। ਇਨ੍ਹਾਂ ਵਿੱਚੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਵਾਅਦਿਆਂ ਬਾਰੇ।



ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿੱਚ ਖੇਡਾਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇਗਾ। ਜਿੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਵੱਧ ਤੋਂ ਵੱਧ ਖੇਡ ਸਹੂਲਤਾਂ ਦਿੱਤੀਆਂ ਜਾਣਗੀਆਂ, ਉੱਥੇ ਹੀ ਪਿੰਡਾਂ ਤੇ ਸ਼ਹਿਰਾਂ ਵਿੱਚ ਸਹੂਲਤਾਂ ਨਾਲ ਲੈਸ ਸ਼ਾਨਦਾਰ ਖੇਡ ਸਟੇਡੀਅਮ ਉਸਾਰ ਕੇ ਦਿੱਤੇ ਜਾਣਗੇ। ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ ਤਿੰਨ ਵਰ੍ਹੇ ਬੀਤ ਗਏ ਹਨ ਪਰ ਨਵੇਂ ਸਟੇਡੀਅਮ ਤਾਂ ਕੀ ਬਣਾਉਣੇ ਸੀ ਸਗੋਂ ਪੁਰਾਣੇ ਸਟੇਡੀਅਮਾਂ ਦੀ ਵੀ ਸਾਰ ਨਹੀਂ ਲਈ।


ਹੋਰ ਤਾਂ ਹੋਰ ਛੱਡੋ ਜਿਨ੍ਹਾਂ ਪਿੰਡਾਂ ਵਿੱਚੋਂ ਵੱਡੇ-ਵੱਡੇ ਖਿਡਾਰੀ ਆਪਣੇ ਬਲਬੂਤੇ 'ਤੇ ਨਿਕਲੇ ਪੰਜਾਬ ਸਰਕਾਰ ਨੇ ਉਨ੍ਹਾਂ ਪਿੰਡਾਂ ਵਿੱਚ ਬਣੇ ਪੁਰਾਣੇ ਸਟੇਡੀਅਮਾਂ ਦੀ ਵੀ ਸਾਰ ਨਹੀਂ ਲਈ। ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਦਿਨ-ਬ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਅਜਿਹੀ ਹੀ ਮਿਸਾਲ ਰੁਸਤਮੇ ਹਿੰਦ ਦਾਰਾ ਸਿੰਘ ਦੇ ਪਿੰਡ ਧਰਮੂਚੱਕ ਦੀ ਹੈ। ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ।


ਇੱਥੇ ਦਾਰਾ ਸਿੰਘ ਨੇ ਪਿੰਡ ਦੀ ਪੰਚਾਇਤ ਦੀ ਮਦਦ ਨਾਲ ਦੋ ਏਕੜ ਵਿੱਚ ਆਪਣੇ ਐਮਪੀ ਲੈਂਡ ਫੰਡ ਵਿੱਚੋਂ ਵੀਹ ਲੱਖ ਰੁਪਏ ਖਰਚ ਕੇ ਸਟੇਡੀਅਮ ਤਾਂ ਬਣਾ ਦਿੱਤਾ ਤੇ ਆਪਣੀ ਜ਼ਿੰਮੇਵਾਰੀ ਨਿਭਾਅ ਦਿੱਤੀ ਪਰ ਪੰਜਾਬ ਸਰਕਾਰ ਵੱਲੋਂ ਇਸ ਸਟੇਡੀਅਮ ਲਈ ਇੱਕ ਰੁਪਿਆ ਵੀ ਹਾਲੇ ਤੱਕ ਨਹੀਂ ਖਰਚਿਆ ਗਿਆ। ਹੋਰ ਤਾਂ ਹੋਰ ਇਸ ਪਿੰਡ ਵਿੱਚ ਨੌਜਵਾਨਾਂ ਲਈ ਨਾ ਤਾਂ ਕੋਈ ਸਪੋਰਟਸ ਦਾ ਮਟੀਰੀਅਲ ਬਣਿਆ ਤੇ ਨਾ ਹੀ ਕੋਈ ਖੇਡ ਸਹੂਲਤ ਪੁੱਜੀ।


ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਟੇਡੀਅਮ ਤਾਂ ਦਾਰਾ ਸਿੰਘ ਨੇ ਪੰਚਾਇਤ ਦੀ ਮਦਦ ਨਾਲ ਬਣਾ ਦਿੱਤਾ। ਸਰਕਾਰ ਤਾਂ ਇਸ ਪਿੰਡ ਦੀ ਸਾਰ ਲੈਣ ਵੀ ਕਦੀ ਨਹੀਂ ਪੁੱਜੀ। ਇਸ ਸਟੇਡੀਅਮ ਵਿੱਚ ਪਿੰਡ ਦੇ ਲੋਕ ਵੀ ਆਪਣੇ ਬੱਚੇ ਭੇਜਣ ਤੋਂ ਡਰਦੇ ਹਨ ਕਿਉਂਕਿ ਇੱਥੇ ਤਿੰਨ ਤਿੰਨ ਮਹੀਨੇ ਪਾਣੀ ਖੜ੍ਹਾ ਰਹਿੰਦਾ ਹੈ। ਗਰਾਊਂਡ ਵਿੱਚ ਝਾੜੀਆਂ ਉੱਗੀਆਂ ਰਹਿੰਦੀਆਂ ਹਨ।


ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਟੇਡੀਅਮਾਂ ਦੀ ਅਜਿਹੀ ਸੁਧਾਰ ਕਰਨੀ ਚਾਹੀਦੀ ਹੈ ਤਾਂ ਕਿ ਦਾਰਾ ਸਿੰਘ ਵਾਂਗ ਇੱਥੇ ਹੋਰ ਖਿਡਾਰੀ ਪੈਦਾ ਹੋਣ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਸਰਕਾਰ ਨੇ ਇਥੇ ਸਹੂਲਤਾਂ ਹੀ ਨਹੀਂ ਦੇਣੀਆਂ ਤਾਂ ਫਿਰ ਨਵੇਂ ਦਾਰਾ ਸਿੰਘ ਕਿਵੇਂ ਬਣਨਗੇ।