Punjab News: ਮੋਗਾ ਜ਼ਿਲ੍ਹੇ ਦੇ ਲੋਹਾਰਾ ਦੀ ਰਹਿਣ ਵਾਲੀ ਇੱਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ 'ਚ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਔਰਤ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਘਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੇ ਪਤੀ ਸਮੇਤ ਉਸ ਦੀ ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਿਆਹ ਨੂੰ ਅਜੇ ਹੋਏ ਨੇ 3 ਸਾਲ
ਇਸ ਮਾਮਲੇ ਬਾਬਤ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 28 ਸਾਲਾ ਲੜਕੀ ਮਨਪ੍ਰੀਤ ਦਾ ਵਿਆਹ ਤਿੰਨ ਸਾਲ ਪਹਿਲਾਂ ਮੋਗਾ ਦੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਸਰਨੀ ਨਾਲ ਹੋਇਆ ਸੀ। ਉਸਦਾ ਇੱਕ ਬੱਚਾ ਵੀ ਹੈ। ਉਸ ਨੇ ਦੱਸਿਆ ਕਿ ਦੋਸ਼ੀ ਪਤੀ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਘਰ ਵਿਚ ਲੜਦਾ ਰਹਿੰਦਾ ਸੀ।
ਫੋਨ ਕਰਕੇ ਦੱਸਿਆ ਕਿ ਤੁਹਾਡੀ ਕੁੜੀ ਬਿਮਾਰ ਹੋ ਗਈ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੱਲ੍ਹ ਉਸ ਦਾ ਫੋਨ ਆਇਆ ਕਿ ਉਹ ਪੇਕੇ ਆ ਰਹੇ ਹਨ। ਅਸੀਂ ਉਨ੍ਹਾਂ ਦੀ ਉਡੀਕ ਕਰਦੇ ਰਹੇ ਪਰ ਫਿਰ ਸਾਨੂੰ ਫੋਨ ਆਇਆ ਕਿ ਤੁਹਾਡੀ ਬੇਟੀ ਬੀਮਾਰ ਹੋ ਗਈ ਹੈ। ਅਸੀਂ ਉਸੇ ਸਮੇਂ ਪਿੰਡ ਲੋਹਾਰਾ ਪਹੁੰਚ ਗਏ, ਪਰ ਸਾਨੂੰ ਆਪਣੀ ਲੜਕੀ ਨਜ਼ਰ ਨਹੀਂ ਆਈ ਅਤੇ ਨਾ ਹੀ ਲੜਕੀ ਦੇ ਸਹੁਰਿਆਂ ਨੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ। ਬਾਅਦ ਵਿੱਚ ਪਤਾ ਲੱਗਾ ਕਿ ਬੇਟੀ ਹਸਪਤਾਲ ਵਿਚ ਹੈ ਜਿਸ ਤੋਂ ਬਾਅਦ ਜਦੋਂ ਪਰਿਵਾਰ ਵਾਲੇ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਚੁੱਕੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁੂਰੂ
ਫਿਲਹਾਲ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਸਤਪਾਲ ਸਿੰਘ ਦੀ ਸ਼ਿਕਾਇਤ 'ਤੇ ਔਰਤ ਦੇ ਪਤੀ ਸਰਨੀ, ਸੱਸ ਮਨਜੀਤ ਕੌਰ ਅਤੇ ਸਹੁਰੇ ਰਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।