Punjab News: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਹੀਮਾਬਾਦ ਵਿੱਚ ਇੱਕ ਨੌਜਵਾਨ ਟਰੈਕਟਰ ਚਾਲਕ ਨੇ ਇੱਕ ਬਜ਼ੁਰਗ ਔਰਤ ਅਤੇ ਉਸ ਦੇ ਪੁੱਤਰ ਨੂੰ ਦਰੜ ਦਿੱਤਾ ਜੋ ਕਿ ਉਸ ਨੂੰ ਅਸ਼ਲੀਲ ਗਾਣੇ ਵਜਾਉਣ ਤੋਂ ਰੋਕ ਰਹੇ ਸੀ। ਪੁਲਿਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


ਕੀ ਹੈ ਪੂਰਾ ਮਾਮਲਾ ?


ਜ਼ਖ਼ਮੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਪਲਾਟ ਵਿੱਚ ਕੁਝ ਨੌਜਵਾਨ ਮਿੱਟੀ ਪਾ ਰਹੇ ਸਨ। ਉਹ  ਟਰੈਕਟਰ 'ਤੇ ਉੱਚੀ-ਉੱਚੀ ਅਸ਼ਲੀਲ ਗੀਤ ਵਜਾ ਰਹੇ ਸਨ ਫਿਰ ਉਸ ਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗੀਤ ਨਾ ਚਲਾਉਣ ਤੇ ਆਵਾਜ਼ ਘੱਟ ਕਰਨ ਲਈ ਕਿਹਾ ਜਿਸ ਕਾਰਨ ਗੁੱਸੇ 'ਚ ਆ ਕੇ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਮਾਂ 'ਤੇ ਟਰੈਕਟਰ ਚੜਾ ਕੇ ਉਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਜਿਸ ਕਾਰਨ ਉਸ ਦੀ ਮਾਤਾ ਹਰਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਉਹ ਆਪਣੀ ਮਾਂ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਨੌਜਵਾਨਾਂ ਨੇ ਉਸ ਦੇ ਉੱਪਰ ਵੀ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।


ਪੁਲਿਸ ਅਧਿਕਾਰੀ ਨੇ ਕੀ ਕਿਹਾ ?


ਇਸ ਬਾਬਤ ਪੁਲਿਸ ਅਧਿਕਾਰੀ ਨੇ ਕਿਹਾ ਕਿ ਟਰੈਕਟਰ ਚਾਲਕ ਵਿਜੇ ਪਾਲ ਸਿੰਘ ਨੇ ਹਰਜੀਤ ਕੌਰ ਦੇ ਉੱਪਰ ਟਰੈਕਟਰ ਚੜ੍ਹਾ ਦਿੱਤਾ ਜਦੋਂ ਉਸ ਨੇ ਅਸ਼ਲੀਲ ਗੀਤ ਵਜਾਉਣ ਤੋਂ ਰੋਕਿਆ ਸੀ। ਜਿਸ ਕਾਰਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਲੜਕਾ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਸ਼ਾਨ ਸਿੰਘ ਦੇ ਬਿਆਨ ਦਰਜ ਕਰਕੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।