ਚੰਡੀਗੜ੍ਹ: ਪਿਛਲੇ ਦਿਨੀਂ ਆਹਲਾ ਪੁਲਿਸ ਅਧਿਕਾਰੀ ਏਆਈਜੀ ਆਰਐਸ ਉੱਪਲ ਖਿਲਾਫ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਅੰਮ੍ਰਿਤਸਰ ਪੁਲਿਸ ਨੂੰ ਇੱਕ ਹੋਰ ਅਰਜ਼ੀ ਦਿੱਤੀ ਹੈ ਜਿਸ ਵੱਚ ਉਸਨੇ ਮੰਗ ਕੀਤੀ ਹੈ ਕਿ ਏਆਈਜੀ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਏ। ਯਾਦ ਰਹੇ ਕਿ ਸਥਾਨਕ ਲਾਅ ਕਾਲਜ ਦੀ ਵਿਦਿਆਰਥਣ ਇਸ ਮਹਿਲਾ ਨੇ ਉਕਤ ਏਆਈਜੀ ਖਿਲਾਫ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਸਨ। ਇਨਸਾਫ ਪਾਉਣ ਲਈ ਉਸਨੇ ਮੀਡੀਆ ਦਾ ਸਹਾਰਾ ਵੀ ਲਿਆ ਸੀ।

ਪਰ ਹੁਣ ਉਸੀ ਮਹਿਲਾ ਨੇ ਏਆਈਜੀ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹਿ ਕੇ ਇਸ ਕੇਸ ਵਿੱਚ ਨਵਾਂ ਮੋੜ ਲੈ ਆਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿਰਫ ਮਹਿਲਾ ਦੀ ਦਰਖ਼ਾਸਤ ਨਾਲ ਇਹ ਕੇਸ ਖਾਰਜ ਕਰਨਾ ਏਨਾ ਸੌਖਾ ਨਹੀਂ ਹੋਏਗਾ। ਪੁਲਿਸ ਉਸਦੇ ਬਿਆਨ ਅਦਾਲਤ ਵਿੱਚ ਦਰਜ ਕਰੇਗੀ।

ਜ਼ਿਕਰਯੋਗ ਹੈ ਕਿ ਪੁਲਿਸ ਨੇ 28 ਸਤੰਬਰ ਨੂੰ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਪਹਿਲਾਂ ਏਆਈਜੀ ਸਮੇਤ ਦੋ ਹੋਰ ਜਣਿਆਂ ਪਰਮਿੰਦਰ ਸਿੰਘ ਤੇ ਜਸਕਰਨ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਕਰਜ ਕੀਤਾ ਸੀ। 30 ਸਤੰਬਰ ਨੂੰ ਪੁਲਿਸ ਅਫਸਰ ਦੀ ਗ੍ਰਿਫਤਾਰੀ ਲਈ ਲੁਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।

ਪੁਲਿਸ ਦੀ ਵਧੀਕ ਡਿਪਟੀ ਕਮਿਸ਼ਨਰ ਲਖਵਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਹਿਲਾ ਵੱਲੋਂ ਦੱਤੀ ਅਰਜ਼ੀ ਬਾਅਦ ਇਸ ਕੇਸ ਸਬੰਧੀ ਕੀਤੀ ਜਾ ਰਹੀ ਜਾਂਚ ’ਤੇ ਰੋਕ ਲਾ ਦਿੱਤੀ ਗਈ ਹੈ। ਮਹਿਲਾ ਨੇ ਬੀਤੇ ਕੱਲ੍ਹ ਹੀ ਇਹ ਅਰਜ਼ੀ ਦਰਜ ਕੀਤੀ ਸੀ।