Punjab News: ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤਾ ਸੀ ਜਿਨ੍ਹਾਂ ਨੂੰ ਆਪ ਵੱਲੋਂ ਗਾਰੰਟੀਆਂ ਦਾ ਨਾਂਅ ਦਿੱਤਾ ਗਿਆ ਸੀ, ਇਸ ਵਿੱਚ ਜੋ ਅਜੇ ਵੀ ਚਰਚਾ ਦਾ ਵਿਸ਼ਾ ਹੈ ਉਹ ਹੈ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣਾ, ਕਿਉਂਕਿ ਉਹ ਅਜੇ ਤੱਕ ਵੀ ਪੂਰਾ ਨਹੀਂ ਹੋਇਆ ਹੈ। ਇਸ ਨੂੰ ਲੈ ਕੇ ਵਿਰੋਧੀ ਲਗਤਾਰ ਆਪ ਨੂੰ ਘੇਰ ਰਹੇ ਹਨ ਤੇ ਹੁਣ ਇਹੋ ਜਿਹੇ ਦਾਅਵੇ ਦਿੱਲੀ ਦੀਆਂ ਚੋਣਾਂ ਵਿੱਚ ਵੀ ਕੀਤੇ ਜਾ ਰਹੇ ਹਨ। 


ਜ਼ਿਕਰ ਕਰ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1100 ਰੁਪਏ ਮਾਸਿਕ ਦੇਣ ਲਈ ਚਾਰਾਜੋਈ ਜਾਰੀ ਹੈ ਤੇ ਅਗਾਮੀ ਬਜਟ ਵਿੱਚ ਇਸ ਸਬੰਧੀ ਲੋੜੀਂਦੇ ਫੰਡ ਰੱਖੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ ਹੈ। 



ਜੇ ਗੱਲ ਦਿੱਲੀ ਚੋਣਾਂ ਦੀ ਕਰੀਏ ਤਾਂ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੇ ਨਾਲ-ਨਾਲ ਮੀਡੀਆ ਨਾਲ ਵੀ ਜਾ ਕੇ ਰਾਬਤਾ ਕਰ ਰਹੇ ਹਨ। ਇਸ ਦੌਰਾਨ ਇੱਕ ਨਿੱਜੀ ਚੈਨਲ ਨਾਲ ਰਾਬਤਾ ਕਰਦਿਆਂ ਕੇਜਰੀਵਾਲ ਨੇ ਪੰਜਾਬ ਵਿੱਚ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਦੇ ਦਾਅਵੇ ਬਾਬਤ ਕਿਹਾ ਕਿਹਾ ਕਿ ਪੰਜਾਬ ਵਿੱਚ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ, ਇਸ ਦੇ ਨਾਲ ਹੀ ਕਿਹਾ ਕਿ ਵੋਟਾਂ ਤੋਂ ਪਹਿਲਾਂ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਔਰਤਾਂ ਨੂੰ ਹਾਲ ਦੀ ਘੜੀ ਨਹੀਂ ਸਗੋਂ ਪੰਜਾਬ ਵਿੱਚ ਹੋਣ ਵਾਲੀਆਂ ਵੋਟਾਂ ਤੋਂ 6ਕੁ ਮਹੀਨੇ ਪਹਿਲਾਂ ਹੀ ਮਿਲਣਗੇ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਆਗਾਮੀ ਬਜਟ ਵਿੱਚ ਇਸ ਸਬੰਧੀ ਲੋੜੀਂਦੇ ਫੰਡ ਰੱਖੇ ਜਾਣਗੇ। 


ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਚ 70 ਸੀਟਾਂ ਹਾਸਲ ਕਰਕੇ ਚੌਥੀ ਵਾਰ ‘ਆਪ’ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਔਰਤਾਂ ਦੇ ਖਾਤਿਆਂ ’ਚ ਜਲਦੀ 1100 ਰੁਪਏ ਪਾਉਣ ਦਾ ਐਲਾਨ ਕਰਦਿਆਂ ਕਿ ਇਹ ਰਾਸ਼ੀ ਮਹਿਲਾਵਾਂ ਨੂੰ ਦੇਣ ਲਈ ਬਜਟ ਵਿਚ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਦਿਖਾਵੇ ਦੀ ਰਾਜਨੀਤੀ ਨਹੀਂ ਕਰਦੀ।



ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਇਹੋ ਜਿਹੇ ਵਾਅਦਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਹੋ ਗਏ ਹਨ ਅਜੇ ਤੱਕ ਇੱਥੇ ਪੈਸੇ ਨਹੀਂ ਦਿੱਤੇ ਤਾਂ ਦਿੱਲੀ ਵਿੱਚ ਕਦੋਂ ਦੇਣਗੇ ?