ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਅਜਿਹੇ 4 ਮਾਸੂਮ ਬੱਚੇ ਬੰਦ ਹਨ। ਜਿਹਨਾਂ ਨੇ ਨਾਂ ਤਾਂ ਕੋਈ ਕ੍ਰਾਈਮ ਕੀਤਾ ਹੈ ਅਤੇ ਨਾਂ ਹੀ ਇਹਨਾਂ ਮਾਸੂਮਾਂ ਦਾ ਕੋਈ ਕਸੂਰ ਹੈ। ਪਰ ਫਿਰ ਵੀ ਜੇਲ੍ਹ ਦੀ ਕਾਲ ਕੋਠੜੀ ਅੰਦਰ ਆਪਣਾ ਬਚਪਨ ਗੁਜਾਰਨ ਲਈ ਮਜ਼ਬੂਰ ਹਨ। ਦਰਅਸਲ ਇਹ 4 ਬੱਚੇ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਆਪਣੀਆਂ ਮਾਵਾਂ ਨਾਲ ਬੰਦ ਹਨ। ਇਹਨਾਂ ਬੱਚਿਆਂ ਦੀਆਂ ਮਾਵਾਂ ਨੇ ਜਦੋਂ ਅਪਰਾਧ ਕੀਤਾ ਤਾਂ ਉਦੋਂ ਇਹ ਔਰਤਾਂ ਗਰਭਵਤੀ ਸਨ। ਜਿਸ ਦੌਰਾਨ ਇਹਨਾਂ ਨੂੰ ਕੈਦ ਹੋਈ ਅਤੇ ਬੱਚਿਆਂ ਨੂੰ ਜਨਮ ਵੀ ਇਹਨਾਂ ਮਹਿਲਾ ਕੈਦੀਆਂ ਨੇ ਜੇਲ੍ਹ ਦੇ ਅੰਦਰ ਦਿੱਤਾ ਸੀ। ਇਹ ਬੱਚੇ ਮਾਂ ਦੀ ਮਮਤਾ ਨਾਲ ਬੱਝੇ ਹੋਏ ਹਨ। ਇਹਨਾਂ ਦੇ ਬਾਕੀ ਰਿਸ਼ਤੇਦਾਰ ਤਾਂ ਜੇਲ੍ਹ ਤੋਂ ਬਾਹਰ ਹਨ ਪਰ ਬੱਚਿਆਂ ਦੀ ਮਾਂ ਕੋਲ ਰਹਿਣ ਦੀ ਜ਼ਿੱਦ ਅਤੇ ਮਾਂ ਦਾ ਪਿਆਰ ਉਹਨਾਂ ਨੂੰ ਜੇਲ੍ਹ ਵਿੱਚ ਰਹਿਣ ਲਈ ਮਜ਼ਬੂਰ ਕਰ ਰਿਹਾ ਹੈ।
ਹੁਣ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਜੇਲ੍ਹ ਦੀਆਂ ਦੀਵਾਰਾਂ ਦੇ ਅੰਦਰ ਹੋ ਰਿਹਾ ਹੈ। ਜਨਮ ਤੋਂ ਬਾਅਦ ਹੌਲੀ ਹੌਲੀ ਸਮਾਂ ਗੁਜਰਿਆ ਤਾਂ ਸਮੇਂ ਦੇ ਨਾਲ ਇਹ ਬੱਚੇ ਵੀ ਵੱਡੇ ਹੁੰਦੇ ਗਏ। ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਚਾਹੁੰਣ ਦੇ ਬਾਵਜੂਦ ਵੀ ਕੋਈ ਅਜਿਹਾ ਕਦਮ ਨਹੀਂ ਚੁੱਕ ਸਕਦੇ ਕਿ ਇਹਨਾਂ ਨੂੰ ਰਿਹਾਅ ਕੀਤਾ ਜਾਵੇ। ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬੱਚਿਆਂ ਨੂੰ ਬਾਹਰੀ ਦੁਨੀਆਂ ਦਾ ਕੋਈ ਅਤਾ ਪਤਾ ਨਹੀਂ ਹੈ, ਪਰ ਇਹਨਾ ਨੂੰ ਸਿੱਖਿਆ ਦੇਣ ਲਈ ਰੈੱਡ ਕਰਾਸ ਸੁਸਾਇਟੀ ਦੀ ਟੀਮ ਜੇਲ੍ਹ ਅੰਦਰ ਆ ਜਾਂਦੀ ਹੈ।
ਗੁਰਦਾਸਪੁਰ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਨਵ ਇੰਦਰ ਸਿੰਘ ਅਨੁਸਾਰ ਡਾਕਟਰੀ ਟੀਮ ਵੀ ਬੱਚਿਆਂ ਦੀ ਸਿਹਤ ਦੀ ਜਾਂਚ ਕਰਨ ਲਈ ਜੇਲ੍ਹ ਦੇ ਅੰਦਰ ਆਉਂਦੀ ਹੈ। ਕੁੱਝ ਸਮਾਜ ਸੇਵੀ ਸੰਥਾਵਾਂ ਜੇਲ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਚਾਰਾਂ ਬੱਚਿਆਂ ਲਈ ਖਿਡੌਣੇ, ਕਿਤਾਬਾਂ, ਨੋਟਬੁੱਕ ਅਤੇ ਹੋਰ ਖਾਣ ਪੀਣ ਦਾ ਸਾਮਾਨ ਲੈ ਕੇ ਆਉਂਦੇ ਹਨ।
ਨੋਟ : ਬੱਚਿਆਂ ਦੀ ਪਛਾਣ ਗੁੱਪਤ ਰੱਖਣ ਲਈ ਅਸੀਂ ਉਹਨਾਂ ਦੀਆਂ ਤਸਵੀਰਾਂ ਕਿਸੇ ਵੀ ਪਲੇਟਫਾਰਮ ‘ਤੇ ਸਾਂਝੀਆਂ ਨਹੀਂ ਕਰ ਸਕਦੇ
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।