ਮਜੀਠਾ ਹਲਕੇ ਨਾਲ ਸੰਬੰਧਿਤ  ਨੌਜਵਾਨ ਕਿਸਾਨਾਂ ਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਭਾਜਪਾ ਵਿਚ ਸ਼ਾਮਿਲ ਹੋਏ ਕਿਸਾਨ ਅਤੇ ਸੋਹੀ ਖੁੰਬ ਫਾਰਮ ਦੇ ਕਰਤਾ ਅਵਤਾਰ ਸਿੰਘ ਪਿੰਡ ਅਬਦਾਲ, ਪਿੰਡ ਡੱਡੀਆਂ ਦੇ ਜਰਨੈਲ ਸਿੰਘ, ਪਿੰਡ ਅਬਦਾਲ ਤੋਂ ਜਸਪਾਲ ਸਿੰਘ ਤੇ ਸਾਥੀਆਂ ਨੂੰ ਤਰਨਜੀਤ ਸਿੰਘ ਨੇ ਭਾਜਪਾ ਦਾ ਚਿੰਨ੍ਹ ਪਹਿਨਾ ਕੇ ਭਾਜਪਾ ਵਿਚ ਸਵਾਗਤ ਸਨਮਾਨਿਤ ਕੀਤਾ।



ਸੰਧੂ ਨੇ ਕਿਹਾ ਕਿ ਨੌਜਵਾਨ ਕਿਸਾਨਾਂ ਦਾ ਭਾਜਪਾ ’ਚ ਆਉਣਾ ਪਾਰਟੀ ਅਤੇ ਪੰਜਾਬ ਲਈ ਸ਼ੁਭ ਸੰਕੇਤ ਹੈ। ਹੁਣ ਨੌਜਵਾਨਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਅਤੇ ਉਹ ਸਹੀ ਅਤੇ ਗ਼ਲਤ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਨੌਜਵਾਨਾਂ ਦਾ ਬਣਦਾ ਸਨਮਾਨ ਕੀਤਾ ਜਾਵੇਗਾ।



 ਇਸ ਮੌਕੇ ਭਾਜਪਾ ’ਚ ਸ਼ਾਮਿਲ ਹੋਏ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਲੋਕ ਸਭਾ ਚੋਣਾਂ ’ਚ ਵਿਕਾਸ ਮੁਖੀ ਅਤੇ ਉਸਾਰੂ ਪ੍ਰਚਾਰ ਦਾ ਆਮ ਲੋਕਾਂ ਵਿਚ ਚੰਗਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਾਂਸਦ ਅਤੇ ਮੰਤਰੀ ਆਪਣੇ ਹੀ ਰਾਜ ਦੀਆਂ ਸਰਕਾਰਾਂ ਤੋਂ ਅੰਮ੍ਰਿਤਸਰ ਅਤੇ ਕਿਸਾਨਾਂ ਲਈ ਕੁਝ ਨਹੀਂ ਕਰਵਾ ਸਕੇ ਹਨ।



 ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਤਰਨਜੀਤ ਸਿੰਘ ਸੰਧੂ ਦੀ ਜਿੱਤ ਅੰਮ੍ਰਿਤਸਰ ਦੀ ਭਵਿੱਖੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਦੇ ਨਵੇਂ ਰਾਹ ਖੋਲ੍ਹੇਗੀ। ਕਿਸੇ ਵੀ ਪਾਰਟੀ ਕੋਲ ਤਰਨਜੀਤ ਸਿੰਘ ਸੰਧੂ ਵਰਗਾ ਇੱਕ ਵੀ ਉਮੀਦਵਾਰ ਨਹੀਂ ਹੈ ਜੋ ਬੇਦਾਗ਼, ਪੜ੍ਹੇ-ਲਿਖੇ, ਸੂਝਵਾਨ, ਅੰਤਰਰਾਸ਼ਟਰੀ ਪੱਧਰ 'ਤੇ ਤਜਰਬੇਕਾਰ, ਦੋਸਤਾਨਾ ਅਤੇ ਅੰਮ੍ਰਿਤਸਰ ਨੂੰ ਸਮਰਪਿਤ ਹੋਵੇ। 



ਉਨ੍ਹਾਂ ਕਿਹਾ ਕਿ ਸੰਧੂ ਚੋਣ ਪ੍ਰਚਾਰ ਰਾਹੀ ਸਥਾਪਿਤ ਕੀਤੇ ਜਾ ਰਹੇ ਨਵੇਂ ਕੀਰਤੀਮਾਨ ਤੋਂ ਉਹ ਬਹੁਤ ਪ੍ਰਭਾਵਿਤ ਹਨ ਅਤੇ ਸੰਧੂ ਨੂੰ ਆਦਰਸ਼ ਮੰਨ ਕੇ ਭਾਜਪਾ ਦਾ ਪੱਲਾ ਫੜਿਆ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਸਭਾ ਚੋਣ 2024 ਵਿੱਚ ਸੰਧੂ ਦੀ ਜਿੱਤ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਨੂੰ ਨਵੇਂ ਖੰਭ ਲਾ ਸਕਦੀ ਹੈ, ਅੰਮ੍ਰਿਤਸਰ ਦੀ ਗੁਆਚੀ ਹੋਈ ਸ਼ਾਨ ਨੂੰ ਬਹਾਲ ਕਰ ਸਕਦੀ ਹੈ ਜੋ ਇੱਕ ਵਪਾਰਕ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।