Crime News: ਬਰਨਾਲਾ 'ਚ ਟਰੈਕਟਰ 'ਤੇ ਡੈਕ ਬੰਦ ਕਰਨ ਨੂੰ ਲੈ ਕੇ ਹੋਈ ਲੜਾਈ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਵਾਪਰੀ। ਜਿੱਥੇ ਦੇਰ ਰਾਤ ਮ੍ਰਿਤਕ ਜਸਲੀਨ ਸਿੰਘ ਜੱਸੂ ਨੇ ਪਿੰਡ ਦੇ ਹੀ ਰਮਨਦੀਪ ਸਿੰਘ ਨੂੰ ਟਰੈਕਟਰ 'ਤੇ ਡੈੱਕ ਚਲਾਉਣ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ ਅਤੇ ਇਸ ਤੋਂ ਬਾਅਦ ਜਸਲੀਨ ਸਿੰਘ ਦੀ ਕੁੱਟਮਾਰ ਕਰਕੇ ਉਸ ਉੱਤੇ ਕਾਰ ਚੜ੍ਹਾ ਦਿੱਤੀ ਜਿਸ ਵਿੱਚ ਉਸ ਦੀ ਮੌਤ ਹੋ ਗਈ।
ਮ੍ਰਿਤਕ ਜਸਲੀਨ ਸਿੰਘ ਦੇ ਦੋਸਤਾਂ ਕਾਬਲ ਸਿੰਘ, ਲਵਪ੍ਰੀਤ ਸਿੰਘ ਤੇ ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਲੀਨ ਸਿੰਘ ਜੱਸੂ ਦਾ ਉਸੇ ਪਿੰਡ ਦੇ ਰਮਨਦੀਪ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਹਿਲਾਂ ਉਨ੍ਹਾਂ ਨੇ ਉਸ 'ਤੇ ਕਾਰ ਚੜ੍ਹਾ ਦਿੱਤੀ ਤੇ ਬਾਅਦ 'ਚ ਰਾਡਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦੇ ਪਿਤਾ ਇੱਕ ਸਾਬਕਾ ਫੌਜੀ ਹਨ ਤੇ ਉਸਦੀ ਭੈਣ ਕੈਨੇਡਾ ਵਿੱਚ ਰਹਿੰਦੀ ਹੈ। ਉਸ ਦੀ ਮੌਤ ਨਾਲ ਪੂਰਾ ਘਰ ਸੁੰਨਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ ਹਨ।
ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਪਿੰਡ ਪੱਖੋਕੇ ਵਿੱਚ ਦੋ ਧਿਰਾਂ ਵਿੱਚ ਲੜਾਈ ਹੋਈ ਸੀ। ਜਸਲੀਨ ਸਿੰਘ ਜੱਸੂ ਨੇ ਪਿੰਡ ਦੇ ਰਮਨਦੀਪ ਸਿੰਘ ਦੇ ਟਰੈਕਟਰ ਦਾ ਸਪੀਕਰ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਤੋਂ ਬਾਅਦ ਰਮਨਦੀਪ ਸਿੰਘ ਨੇ ਆਪਣੇ ਦੋਸਤ ਨੂੰ ਬੁਲਾ ਕੇ ਜਸਲੀਨ ਜੱਸੂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਮਨਦੀਪ ਸਿੰਘ ਤੇ ਉਸ ਦੇ 18 ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।