Firing In Mahilpur: ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਦੇ ਮੁੱਖ ਚੌਕ 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ-ਪੰਜ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਨੌਜਵਾਨ ਨੂੰ ਪਹਿਲਾਂ ਮੁੱਖ ਚੌਰਾਹੇ 'ਤੇ ਘੇਰ ਲਿਆ ਸੀ ਪਰ ਨੌਜਵਾਨ ਆਪਣੀ ਜਾਨ ਬਚਾਉਣ ਲਈ ਭੱਜ ਕੇ ਇਕ ਦੁਕਾਨ 'ਚ ਜਾ ਵੜਿਆ ਸੀ ਜਿਸ ਤੋਂ ਬਾਅਦ ਹਮਲਾਵਰਾਂ ਨੇ ਦੁਕਾਨ 'ਚ ਜਾ ਕੇ ਉਸ 'ਤੇ ਗੋਲੀ ਚਲਾ ਦਿੱਤੀ।
ਛਾਤੀ 'ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਕਤਲ ਗੈਂਗ ਵਾਰ ਦਾ ਨਤੀਜਾ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਵਾਸੀ ਸੰਦੀਪ ਉਰਫ਼ ਸੰਨੀ ਨੂੰ ਮਾਹਿਲਪੁਰ ਸ਼ਹਿਰ ਦੇ ਮੁੱਖ ਚੌਕ ਵਿੱਚ ਦੋ ਮੋਟਰਸਾਈਕਲਾਂ ’ਤੇ ਆਏ ਚਾਰ-ਪੰਜ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਕੇ ਜ਼ੀਰੋ ਬੇਕਰੀ ਨਾਮਕ ਦੁਕਾਨ ਵਿੱਚ ਦਾਖ਼ਲ ਹੋ ਗਿਆ।
ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਵੀ ਸੰਨੀ ਦਾ ਪਿੱਛਾ ਕੀਤਾ ਅਤੇ ਦੁਕਾਨ ਦੇ ਅੰਦਰ ਜਾ ਕੇ ਸੰਨੀ 'ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸੰਨੀ ਭਾਰਦਵਾਜ ਦੀ ਛਾਤੀ ਵਿੱਚ ਲੱਗੀ। ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਨੂੰ ਅੰਜਾਮ ਦੇ ਕੇ ਮੋਟਰਸਾਈਕਲ ਸਵਾਰ ਹਮਲਾਵਰ ਉਥੋਂ ਫ਼ਰਾਰ ਹੋ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਗੋਲੀਆਂ ਦੇ 6 ਖਾਲੀ ਖੋਲ ਬਰਾਮਦ ਕੀਤੇ ਅਤੇ ਜ਼ਿਲ੍ਹੇ ਦੇ ਉੱਚ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੁਕਾਨਾਂ ਦੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੈਂਗ ਵਾਰ ਦਾ ਨਤੀਜਾ
29 ਦਸੰਬਰ 2023 ਨੂੰ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਸਰਹਾਲਾ ਕਲਾਂ ਰੋਡ 'ਤੇ ਸਥਿਤ ਸਬਜ਼ੀ ਮੰਡੀ ਨੇੜੇ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋ ਗਈ ਸੀ, ਜਿਸ ਵਿਚ 7 ਨੌਜਵਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ ਖਿਲਾਫ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ ਅਤੇ ਸੰਦੀਪ ਸੰਨੀ ਸਮੇਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਸੰਨੀ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਅੱਜ ਜਦੋਂ ਉਹ ਬਾਜ਼ਾਰ ਦੇ ਮੁੱਖ ਚੌਕ ਵਿੱਚ ਸੀ ਤਾਂ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਐਸਪੀਡੀ ਸਰਬਜੀਤ ਸਿੰਘ ਬਾਹੀਆ, ਡੀਐਸਪੀ ਪਰਮਿੰਦਰ ਸਿੰਘ ਗੜ੍ਹਸ਼ੰਕਰ, ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਡੀਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।