Smart Village in Punjab - ਨਵਾਂਸ਼ਹਿਰ : ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਓ.ਡੀ. ਐਫ. ਪਲੱਸ ਮਾਡਲ ਬਣ ਚੁੱਕੇ ਪਿੰਡਾਂ ਸਬੰਧੀ ਇੱਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪਿੰਡ ਪੰਚਾਇਤ ਜਾਂ ਕੋਈ ਵੀ ਵਿਅਕਤੀ ਪਿੰਡ ਦੀ ਸਫਾਈ ਅਤੇ ਸੁਧਾਰਾਂ ਸਬੰਧੀ 3 ਤੋਂ 4 ਮਿੰਟ ਦੀ ਇਕ ਲਘੂ ਫਿਲਮ ਬਣਾ ਕੇ ਵਿਭਾਗ ਦੀ ਵੈਬਸਾਈਟ ‘ਤੇ ਅਪਲੋਡ ਕਰ ਸਕਦਾ ਹੈ। 


ਇਸ ਵੀਡੀਓ ਨੂੰ ਰਾਜ ਅਤੇ ਰਾਸ਼ਟਰ ਪੱਧਰ ‘ਤੇ ਵਿਚਾਰਿਆ ਜਾਵੇਗਾ ਅਤੇ ਸੂਬਾ ਪੱਧਰ ‘ਤੇ ਪਹਿਲਾ ਇਨਾਮ ਹਾਸਲ ਕਰਨ ਵਾਲੇ ਨੂੰ 1 ਲੱਖ, ਦੂਜੇ ਪੱਧਰ ‘ਤੇ 75 ਹਜ਼ਾਰ, ਤੀਜੇ ਪੱਧਰ ‘ਤੇ 50 ਹਜ਼ਾਰ ਅਤੇ 3 ਪਿੰਡਾਂ ਨੂੰ ਉਤਸ਼ਾਹਿਤ ਦੇ ਤੌਰ ‘ਤੇ 10 ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਤਰ੍ਹਾਂ ਰਾਸ਼ਟਰੀ ਪੱਧਰ ‘ਤੇ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਪਿੰਡ ਨੂੰ 8 ਲੱਖ ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ ਪਿੰਡ ਨੂੰ 6 ਲੱਖ ਰੁਪਏ, ਤੀਜਾ ਸਥਾਨ ਰੱਖਣ ਵਾਲੇ ਪਿੰਡ ਨੂੰ 4 ਲੱਖ ਰੁਪਏ, ਚੌਥੇ ਸਥਾਨ ਲਈ 2 ਲੱਖ ਰੁਪਏ ਅਤੇ ਪੰਜਵਾਂ ਸਥਾਨ ਰੱਖਣ ਵਾਲੇ ਪਿੰਡ ਨੂੰ  1 ਲੱਖ ਰੁਪਏ ਦੇ ਇਨਾਮ ਰੱਖੇ ਗਏ ਹਨ।


ਇਸ ਬਾਰੇ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨਵਾਂਸ਼ਹਿਰ ਦੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਮਾਹੀ ਨੇ ਦੱਸਿਆ ਕਿ ਸਰਕਾਰ ਵਲੋਂ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਵੱਖ—ਵੱਖ ਤਰ੍ਹਾ ਦੇ ਕੰਮ ਕਰਵਾਏ ਜਾ ਰਹੇ ਹਨ। ਜਿਸ ਤਹਿਤ ਜਿਨ੍ਹਾਂ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਅਤੇ ਤਰਲ ਕੁੜਾ ਪ੍ਰਬੰਧਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਪਿੰਡਾਂ ਨੂੰ ਗੰਦਗੀ ਮੁਕਤ ਐਲਾਨਿਆ ਗਿਆ ਹੈ, ਉਹ ਪਿੰਡ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ।


 ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪਿੰਡ ਦੀ ਪੰਚਾਇਤ ਜਾਂ ਕੋਈ ਵੀ ਵਿਅਕਤੀ ਆਪਣੇ ਤੌਰ ‘ਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪਿੰਡ ਵਿੱਚ ਹੋਏ ਸੁਧਾਰਾਂ ਬਾਰੇ ਇੱਕ ਲਘੂ ਫਿਲਮ ਜ਼ੋ ਕਿ 3-4 ਮਿੰਟ ਤੱਕ ਦੀ ਹੋ ਸਕਦੀ ਹੈ, ਬਣਾ ਕੇ ਪੰਜਾਬ ਸਰਕਾਰ ਨੂੰ ਭੇਜ਼ ਸਕਦਾ ਹੈ।ਰਾਸ਼ਟਰ ਪੱਧਰ ‘ਤੇ ਹੋ ਰਹੇ ਇਸ ਮੁਕਾਬਲੇ ਲਈ ਲੱਖਾਂ ਰੁਪਏ ਦੇ ਇਨਾਮ ਜਿੱਤਣ ਲਈ ਅਤੇ ਆਪਣੇ ਪਿੰਡ ਨੂੰ ਰਾਸ਼ਟਰ ਪੱਧਰ ‘ਤੇ ਪਹਿਚਾਣ ਦਿਵਾਉਣ ਲਈ ਇਹ ਇੱਕ ਵਧੀਆ ਮੌਕਾ ਹੈ।       


ਇਸ ਮੁਬਾਬਲੇ ਵਿੱਚ ਹਿੱਸਾ ਲੈਣ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਸ਼ਹੀਦ ਭਗਤ ਸਿੰਘ ਨਗਰ ਨੇੜੇ ਲਾਈਫ ਲਾਈਨ ਹਸਪਤਾਲ , ਨਵਾਂਸ਼ਹਿਰ ਵਟਸਅੱਪ ਨੰਬਰ 99150-80391, 98157-80654 ਅਤੇ 7837819991 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਆਖਰੀ ਤਰੀਕ 13 ਅਗਸਤ 2023 ਹੈ।