ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ ਵਿੱਚ ਇੱਕ ਨੌਜਵਾਨ ਵਿਕਰਾਂਤ ਮਸੀਹ ਅਤੇ ਉਸਦੀ ਪ੍ਰੇਮਿਕਾ ਨੇਹਾ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਵਿਕਰਾਂਤ ਮਸੀਹ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ (ਜਰਮਨ) ਜਾਣ ਦੇ ਲਈ 24 ਲੱਖ ਰੁਪਏ ਦਿੱਤੇ ਸੀ ਪਰ ਉਸਦੇ ਰਿਸ਼ਤੇਦਾਰਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਹਨ।
 

ਜਿਸ ਕਰਕੇ ਨੌਜਵਾਨ ਕਾਫੀ ਪ੍ਰੇਸ਼ਾਨ ਸੀ ਅਤੇ ਧਾਰੀਵਾਲ ਜਾ ਕੇ ਉਸਨੇ ਆਪਣੀ ਪ੍ਰੇਮਿਕਾ ਨੇਹਾ ਨੂੰ ਇਸ ਗੱਲ ਬਾਰੇ ਦੱਸਿਆ ਕਿ ਉਸਨੇ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਜਿਸ ਤੋਂ ਬਾਅਦ ਉਸਦੀ ਪ੍ਰੇਮਿਕਾ ਨੇਹਾ ਨੇ ਵੀ ਜਹਿਰੀਲੀ ਵਸਤੂ ਨਿਗਲ ਲਈ।  ਜਿਸ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਦੋਨਾਂ ਦੀ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ 4 ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ

 



 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਵਿਕਰਾਂਤ ਮਸੀਹ ਦੇ ਭਰਾ ਰੋਹਿਤ ਮਸੀਹ ਨੇ ਦੱਸਿਆ ਕਿ ਉਸ ਦੇ ਭਰਾ ਨੇ ਵਿਦੇਸ਼ (ਜਰਮਨ) ਜਾਣ ਦੇ ਲਈ ਰਿਸ਼ਤੇਦਾਰਾਂ ਨੂੰ 24 ਲੱਖ ਰੁਪਏ ਦਿੱਤੇ ਹੋਏ ਸਨ ਪਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਨਾਂ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਾ ਰਹੇ ਸਨ। ਜਿਸ ਕਰਕੇ ਉਹ ਕਾਫੀ ਪਰੇਸ਼ਾਨ ਸੀ। 

 

ਉਹਨਾਂ ਦੱਸਿਆ ਕਿ ਉਸਦੀ ਪ੍ਰੇਮਿਕਾ ਨੇਹਾ ਵੀ ਉਸਦੇ ਨਾਲ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਰਿਸ਼ਤੇਦਾਰਾਂ ਵੱਲੋਂ ਕੀਤੇ ਗਏ ਧੋਖੇ ਕਾਰਨ ਉਹ ਦੋਨੋਂ ਵਿਦੇਸ਼ ਨਹੀ ਜਾ ਸਕੇ ਅਤੇ ਉਹਨਾਂ ਨੇ ਪ੍ਰੇਸ਼ਾਨ ਹੋ ਕੇ ਧਾਰੀਵਾਲ ਵਿਖੇ ਜਾ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਠੱਗੀ ਕੀਤੀ ਹੈ ,ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ  ਉਹਨਾਂ ਦੇ ਰਿਸ਼ਤੇਦਾਰਾਂ ਕਰਕੇ ਦੋ ਜਾਨਾਂ ਗਈਆਂ ਹਨ। 

ਸਿਵਿਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਵਿਕਰਾਂਤ ਮਸੀਹ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਪਹੁੰਚੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਲੜਕਾ-ਲੜਕੀ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ ਅਤੇ ਨੌਜਵਾਨ ਨਾਲ ਉਸਦੇ ਰਿਸ਼ਤੇਦਾਰਾਂ ਨੇ ਵਿਦੇਸ਼ ਭੇਜਣ ਦੇ ਨਾਮ 'ਤੇ 24 ਲੱਖ ਰੁਪਏ ਦੀ ਠੱਗੀ ਮਾਰੀ ਸੀ।  ਜਿਸ ਕਰਕੇ ਪਰੇਸ਼ਾਨ ਹੋ ਕੇ ਇਹਨਾਂ ਨੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਨੌਜਵਾਨ ਦੇ ਚਾਰ ਰਿਸ਼ਤੇਦਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।