Sangrur News: ਬਰਨਾਲਾ ਜ਼ਿਲ੍ਹੇ ਵਿੱਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਤਪਾ-ਭਦੌੜ ਰੋਡ 'ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਦਾ ਰਹਿਣ ਵਾਲਾ ਹੈ। ਪਿੰਡ ਢਿਲਵਾਂ ਦੇ ਲਵਪ੍ਰੀਤ ਸਿੰਘ ਨੇ ਚਿੱਟੇ ਦੇ ਨਸ਼ੇ ਕਾਰਨ ਆਪਣੀ ਜਾਨ ਗਵਾ ਲਈ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਸੜਕ 'ਤੇ ਪਈ ਮਿਲੀ, ਜਿੱਥੇ ਹੱਥ 'ਚ ਨਸ਼ੇ ਦਾ ਟੀਕਾ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਾਸੋਂ ਇੱਕ ਮੋਟਰਸਾਈਕਲ ਵੀ ਮਿਲਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਖੇਤੀ ਕਰਦਾ ਸੀ ਪਰ ਮਾੜੀ ਸੰਗਤ ਕਾਰਨ ਲਵਪ੍ਰੀਤ ਸਿੰਘ ਨਸ਼ੇ ਦਾ ਆਦੀ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੁਝ ਮਹੀਨੇ ਪਹਿਲਾਂ ਉਸ ਨੇ ਅੰਮ੍ਰਿਤ ਵੀ ਛਕਿਆ ਸੀ ਪਰ ਚਿੱਟਾ ਨਾ ਛੱਡ ਸਕਿਆ ਜਿਸ ਕਾਰਨ ਨਸ਼ੇ ਨੇ ਉਸ ਦੀ ਜਾਨ ਲੈ ਲਈ।
ਮ੍ਰਿਤਕ ਦੇ ਵਾਰਸਾਂ ਨੇ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮ੍ਰਿਤਕ ਦੀ ਮਾਤਾ ਤੇ ਚਾਚੇ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਲੜਕੇ ਲਵਪ੍ਰੀਤ ਸਿੰਘ ਲਾਡੀ ਦੀ ਮੌਤ ਨਸ਼ੇ ਕਾਰਨ ਹੋਈ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪੜ੍ਹਦਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਲੜਕੇ ਨੇ ਨਸ਼ਾ ਛੱਡਣ ਲਈ ਅੰਮ੍ਰਿਤ ਵੀ ਛਕਿਆ ਸੀ ਪਰ ਉਹ ਫਿਰ ਮਾੜੀ ਸੰਗਤ ਵਿੱਚ ਪੈ ਗਿਆ ਤੇ ਨਸ਼ੇ ਕਰਨ ਲੱਗਾ। ਉਨ੍ਹਾਂ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਰਈਆ ਵਿਖੇ ਨਸ਼ਾ ਲੈਣ ਗਿਆ ਸੀ। ਇਸ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਹਰ ਰੋਜ਼ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ ਪਰ ਸਰਕਾਰ ਤੇ ਪੁਲਿਸ ਚੁੱਪ ਵੱਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਦੀ ਮੌਤ ਨਸ਼ੇ ਕਾਰਨ ਹੋਈ ਹੈ। ਉਸ ਦੇ ਚਾਚੇ ਹਰਨੇਕ ਸਿੰਘ ਦੇ ਬਿਆਨ ਦਰਜ ਕਰਕੇ ਲਵਪ੍ਰੀਤ ਸਿੰਘ ਵਾਸੀ ਰਈਆ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।