ਬਰਨਾਲਾ: ਆਵਾਰਾ ਪਸ਼ੂਆਂ ਦੀ ਭੇਟ ਇੱਕ ਹੋਰ ਨੌਜਵਾਨ ਚੜ੍ਹ ਗਿਆ ਹੈ। ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਦੇ ਮੋਟਰਸਾਈਕਲ 'ਤੇ ਜਾਂਦੇ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਹਾਦਸੇ ਵਿੱਚ ਢੱਠੇ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।


ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸੁਖਪ੍ਰੀਤ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਲਈ ਢਾਬੇ ’ਤੇ ਜਾ ਰਿਹਾ ਸੀ। ਮੋਗਾ-ਬਰਨਾਲਾ ਰੋਡ ’ਤੇ ਪਿੰਡ ਮੱਲ੍ਹੀਆਂ ਤੇ ਬਖ਼ਤਗੜ੍ਹ ਦੇ ਵਿਚਕਾਰ ਸੁਖਪ੍ਰੀਤ ਦੇ ਮੋਟਰਸਾਈਕਲ ਵਿੱਚ ਆਵਾਰਾ ਢੱਠਾ ਆ ਵੱਜਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨਾਲ ਬੈਠੇ ਉਸ ਦੇ ਦੋਸਤ ਤੇਜਿੰਦਰ ਦਾ ਬਚਾਅ ਹੋ ਗਿਆ।

ਪਿੰਡ ਵਾਸੀ ਸੁਖਪ੍ਰੀਤ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੁਖਪ੍ਰੀਤ ਦੋ ਭੈਣਾਂ ਦਾ ਇਕੱਲਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਫ਼ੌਜ ਵਿਚ ਭਰਤੀ ਹੋਣ ਲਈ ਕੈਂਪ ਵਿੱਚ ਤਿਆਰੀ ਕਰਨ ਜਾਂਦਾ ਸੀ। ਇਸ ਘਟਨਾ ਨਾਲ ਪਿੰਡ ‘ਚ ਸੋਗ ਦੀ ਲਹਿਰ ਹੈ।

ਪਿੰਡ ਦੇ ਸਰਪੰਚ ਜਗਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਮੱਲ੍ਹੀ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਲਾਵਰਸ ਪਸ਼ੂਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਇਹ ਰੋਜ਼ਾਨਾ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਠੋਸ ਹੱਲ ਕੱਢਣਾ ਚਾਹੀਦਾ ਹੈ।