ਚੰਡੀਗੜ੍ਹ: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਹੈਬਤਪੁਰ ਰੋਡ 'ਤੇ ਐਤਵਾਰ ਦੇਰ ਸ਼ਾਮ ਇਕ ਨੌਜਵਾਨ ਦੀ ਤਲਾਸ਼ੀ ਲੈਣ ਨੂੰ ਲੈ ਕੇ ਪੁਲਿਸ ਅਤੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ। ਪੁਲੀਸ ਦਾ ਦੋਸ਼ ਹੈ ਕਿ ਨੌਜਵਾਨਾਂ ਨੇ ਕੁਝ ਨੌਜਵਾਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ।ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਜੀਐਮਸੀਐਚ-32 ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਪੁਲੀਸ ਟੀਮ ਹੈਬਤਪੁਰ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਬੈਗ ਲੈ ਕੇ ਆਏ ਨੌਜਵਾਨ ਅਤੇ ਲੜਕੀ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਜਦੋਂ ਨੌਜਵਾਨ ਦੇ ਬੈਗ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਕੋਲ ਖੜ੍ਹੀ ਲੜਕੀ ਪੁਲਿਸ ਨਾਲ ਉਲਝ ਗਈ। ਇਸ ਦੌਰਾਨ ਤਕਰਾਰ ਇੰਨੀ ਵੱਧ ਗਈ ਕਿ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੀ ਗੱਡੀ ਦੀ ਭੰਨਤੋੜ ਕੀਤੀ।
ਜਦੋਂ ਪੁਲਿਸ ਪਾਰਟੀ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜਣ ਲੱਗੀ ਤਾਂ ਉਹ ਪਿੱਛੇ ਭੱਜੇ। ਪੁਲਿਸ ਪਾਰਟੀ ਨੇ ਨੌਜਵਾਨਾਂ ਨੂੰ ਡਰਾਉਣ ਲਈ ਹਵਾ 'ਚ ਗੋਲੀ ਵੀ ਚਲਾਈ ਪਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੇ ਤਾਂ ਪੁਲਿਸ ਪਾਰਟੀ ਨੇ ਆਪਣੀ ਜਾਨ ਬਚਾਉਣ ਲਈ ਇਕ ਵਿਅਕਤੀ ਦੀ ਲੱਤ 'ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੋਂ ਚਲੇ ਗਈ।ਇਸ ਦੌਰਾਨ ਹਮਲਾਵਰਾਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਫੜ ਲਿਆ।
ਹਸਪਤਾਲ 'ਚ ਜ਼ਖਮੀ ਹੋਏ ਹਿਤੇਸ਼ ਨੇ ਦੱਸਿਆ ਕਿ ਉਸ ਦਾ ਜੀਜਾ ਅਤੇ ਭੈਣ ਹੈਬਤਪੁਰ ਰੋਡ 'ਤੇ ਖੜ੍ਹੇ ਸੀ। ਉਦੋਂ ਪੁਲਿਸ ਦੀ ਇੱਕ ਟੀਮ ਆਈ ਅਤੇ ਬੈਗ ਦੀ ਤਲਾਸ਼ੀ ਦੇ ਨਾਂ 'ਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਭੈਣ ਨੇ ਉਸ ਨੂੰ ਮੌਕੇ 'ਤੇ ਬੁਲਾਇਆ ਜਿੱਥੇ ਪੁਲਿਸ ਨੇ ਉਸ ਦੀ ਲੱਤ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਅਤੇ ਉਸ ਦੀਆਂ ਦੋ ਭੈਣਾਂ ਜ਼ਖਮੀ ਹੋ ਗਈਆਂ। ਉਸ ਨੇ ਦੋਸ਼ ਲਾਇਆ ਕਿ ਗੋਲੀ ਚਲਾਉਣ ਵਾਲਾ ਪੁਲੀਸ ਮੁਲਾਜ਼ਮ ਨਸ਼ੇ ਵਿੱਚ ਸੀ।