ਆਖਰ ਕਿਉਂ ਹੋਇਆ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ਵਿੱਚ ਫਿੱਕਾ ਸੁਆਗਤ ?
ਏਬੀਪੀ ਸਾਂਝਾ | 20 Feb 2018 06:25 PM (IST)
ਚੰਡੀਗੜ੍ਹ: ਦੁਨੀਆ ਭਰ ਦੇ ਹਰਮਨ ਪਿਆਰੇ ਲੀਡਰਾਂ ਵਿੱਚੋਂ ਇੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲੀ ਵਾਰ ਭਾਰਤ ਯਾਤਰਾ 'ਤੇ ਆਏ ਹਨ। ਸ਼ੁੱਕਰਵਾਰ ਦੇਰ ਸ਼ਾਮ ਟਰੂਡੋ ਪਤਨੀ ਸੋਫੀ ਤੇ ਤਿੰਨ ਬੱਚਿਆਂ ਸਮੇਤ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ। ਦੁਨੀਆ ਦੇ ਅੱਠ ਵਿਕਸਤ ਦੇਸ਼ਾਂ ਵਿੱਚ ਸ਼ੁਮਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੁਆਗਤ ਲਈ ਏਅਰਪੋਰਟ 'ਤੇ ਮੋਦੀ ਸਰਕਾਰ ਦੇ ਜੂਨੀਅਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੀ ਪਹੁੰਚੇ। ਨੌਜਵਾਨ ਤੇ ਹੈਂਡਸਮ ਟਰੂਡੋ ਨੇ ਪਰਿਵਾਰ ਸਮੇਤ ਆਗਰਾ ਦੇ ਤਾਜ ਮਹਿਲ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਸੂਬੇ ਯੂਪੀ ਵਿੱਚ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇੱਥੇ ਗਰਮਜੋਸ਼ੀ ਨਾਲ ਸੁਆਗਤ ਨਹੀਂ ਹੋਇਆ। ਸੁਰਖੀਆਂ ਵਿੱਚ ਰਹਿਣ ਵਾਲੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਜਾਂ ਕੋਈ ਵੱਡਾ ਲੀਡਰ ਦਿਖਾਈ ਨਹੀਂ ਦਿੱਤਾ, ਪਰ ਖੁਸ਼ਮਿਜਾਜ਼ ਟਰੂਡੋ ਨੇ ਪਰਿਵਾਰ ਸਮੇਤ ਤਾਜ ਮਹਿਲ ਦੀ ਯਾਤਰਾ ਦਾ ਖੂਬ ਮਜ਼ਾ ਲਿਆ। ਸੋਮਵਾਰ ਨੂੰ ਜਸਟਿਨ ਟਰੂਡੋ ਮੋਦੀ ਦੇ ਸੂਬੇ ਗੁਜਰਾਤ ਵਿੱਚ ਪਹੁੰਚੇ, ਅਹਿਮਦਾਬਾਦ ਵਿੱਚ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਰਸਮੀ ਤੌਰ 'ਤੇ ਟਰੂਡੋ ਦਾ ਸਵਾਗਤ ਤਾਂ ਜ਼ਰੂਰ ਕੀਤਾ, ਟਰੂਡੋ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਵੀ ਗਏ ਪਰ ਇੱਥੇ ਵੀ ਸੁਆਗਤ ਦੀ ਗਰਮਜੋਸ਼ੀ ਗਾਇਬ ਰਹੀ। ਭਾਰਤ ਪਹੁੰਚਿਆਂ ਟਰੂਡੋ ਪਰਿਵਾਰ ਨੂੰ ਅੱਜ ਚੌਥਾ ਦਿਨ ਹੈ, ਹਰ ਮੌਕੇ ਸੁਰਖੀਆਂ ਬਟੋਰਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚਮਕ ਟਰੂਡੋ ਨਾਲ ਕਿਧਰੇ ਵੀ ਦੇਖਣ ਨੂੰ ਨਹੀਂ ਮਿਲੀ। ਨਾ ਹੀ ਮੋਦੀ ਦੀ ਜਾਦੂ ਦੀ ਜੱਫੀ ਤੇ ਨਾ ਹੀ ਗਰਮੋਜਸ਼ੀ ਵਾਲਾ ਸੁਆਗਤ। ਮੋਦੀ ਸਮੇਤ ਦੋਵੇਂ ਗਾਇਬ ਹਨ। ਚਰਚਾ ਹੋ ਰਹੀ ਹੈ ਕਿ ਖਾਲਿਸਤਾਨ ਦੇ ਮੁੱਦੇ ਤੇ ਕੈਨੇਡਾ ਦਾ ਨਜ਼ਰੀਆ ਭਾਰਤ ਨਾਲੋਂ ਵੱਖਰੇ ਹੋਣ ਕਾਰਨ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। 2017 ਦੀ ਟੋਰਾਂਟੋ ਵਿੱਚ ਖਾਲਸਾ ਡੇਅ ਪਰੇਡ ਵਿੱਚ ਜਸਟਿਨ ਟਰੂਡੋ ਸ਼ਾਮਲ ਹੋਏ ਸਨ। ਜਸਟਿਨ ਟਰੂਡੋ ਦੀ ਕੈਬਨਿਟ ਵਿੱਚ 4 ਸਿੱਖ ਮੰਤਰੀ ਹਨ ਜਿਹੜੇ ਉਨ੍ਹਾਂ ਨਾਲ ਵੀ ਆਏ ਹਨ। ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਬਣਨ ਵੇਲੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਮੋਦੀ ਨਾਲੋਂ ਵੱਧ ਸਿੱਖ ਸ਼ਾਮਲ ਹਨ। ਕੈਨੇਡਾ ਦੇ ਗੁਰਦੁਆਰਿਆਂ ਚ ਭਾਰਤੀ ਸਿਆਸਤਦਾਨਾਂ ਦੇ ਸਟੇਜ ਸਾਂਝੀ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ। ਸ਼ਾਇਦ ਇਨਾਂ ਕਾਰਨਾਂ ਕਰਕੇ ਟਰੂਡੋ ਨਾਲ ਅਜਿਹਾ ਵਿਵਹਾਰ ਕੀਤਾ ਗਿਆ। ਭਾਰਤ ਦਾ ਪੱਖ- ''ਪ੍ਰੋਟੋਕੋਲ ਮੁਤਾਬਕ ਪ੍ਰਧਾਨ ਮੰਤਰੀ ਨਿੱਜੀ ਤੌਰ 'ਤੇ ਵਿਦੇਸ਼ੀ ਨੁਮਾਇੰਦਿਆਂ ਦਾ ਸੁਆਗਤ ਕਰਨ ਲਈ ਹਵਾਈ ਅੱਡੇ 'ਤੇ ਜਾ ਨਹੀਂ ਸਕਦੇ। ਨਿਯਮਾਂ ਮੁਤਾਬਰ ਵਿਦੇਸ਼ੀ ਮਹਿਮਾਨ ਦਾ ਸੁਆਗਤ ਕਰਨ ਲਈ ਸਿਸ਼ਟਾਚਾਰ ਵਜੋਂ ਦੇਸ਼ ਦਾ ਕੋਈ ਮੰਤਰੀ ਸੁਆਗਤ ਕਰਨ ਪਹੁੰਚਦਾ ਹੈ, ਟਰੂਡੋ ਦੇ ਮਾਮਲੇ 'ਚ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ।'' ਵਿਦੇਸ਼ ਮੰਤਰਾਲੇ ਦੇ ਪ੍ਰੋਟੋਕੋਲ ਤਰਕ ਦੇ ਬਾਵਜੂਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਸਵਾਲ ਇਸ ਲਈ ਵੀ ਉੱਠ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਮੋਦੀ ਪ੍ਰੋਟੋਕੋਲ ਤੋੜ ਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ, ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ, ਆਬੂਧਾਬੀ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਏਅਰਪੋਰਟ ਤੇ ਸੁਆਗਤ ਕਰ ਚੁੱਕੇ ਹਨ। ਸੋਸ਼ਲ ਮੀਡੀਆ ਕਿੰਗ ਅਖਵਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਟਰੂਡੋ ਦੇ ਸਪੁਆਤ ਵਿੱਚ ਰਸਮੀ ਟਵੀਟ ਵੀ ਨਹੀਂ ਕੀਤਾ।