ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਧੀਰ ਰੰਜਨ ਚੌਧਰੀ ਤੇ ਗੁਲਾਬ ਨਬੀ ਆਜ਼ਾਦ ਨਾਲ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 2 ਕਰੋੜ ਦਸਤਖਤਾਂ ਦਾ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ ਕਿਸਾਨ ਨਹੀਂ ਹਟਣਗੇ, ਪ੍ਰਧਾਨ ਮੰਤਰੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸਾਨ ਤੇ ਮਜ਼ਦੂਰ ਵਾਪਸ ਘਰ ਚਲੇ ਜਾਣਗੇ। ਉਨ੍ਹਾਂ ਕਿਹਾ, ‘ਸੰਸਦ ਦਾ ਸਾਂਝਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।

ਰਾਹੁਲ ਗਾਂਧੀ ਨੇ ਕਿਹਾ, 'ਅਸੀਂ ਤਿੰਨ ਲੋਕ ਰਾਸ਼ਟਰਪਤੀ ਕੋਲ ਕਰੋੜਾਂ ਦਸਤਖਤ ਲੈ ਕੇ ਗਏ। ਇਹ ਦੇਸ਼ ਦੀ ਆਵਾਜ਼ ਹੈ। ਸਰਦੀਆਂ ਦਾ ਸਮਾਂ ਹੈ, ਕਿਸਾਨ ਅੰਦੋਲਨ ਕਰ ਰਹੇ ਹਨ ਤੇ ਮਰ ਰਹੇ ਹਨ। ਮੈਂ ਪਹਿਲਾਂ ਤੋਂ ਕਹਿ ਰਿਹਾ ਹਾਂ ਕਿ ਕੋਈ ਵੀ ਸ਼ਕਤੀ ਕਿਸਾਨਾਂ ਤੇ ਮਜ਼ਦੂਰ ਦੇ ਸਾਮ੍ਹਣੇ ਖੜ੍ਹੀ ਨਹੀਂ ਹੋ ਸਕਦੀ। ਜੇ ਕਾਨੂੰਨਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਆਰਐਸਐਸ ਤੇ ਭਾਜਪਾ ਹੀ ਨਹੀਂ, ਦੇਸ਼ ਨੂੰ ਵੀ ਨੁਕਸਾਨ ਝੱਲਣਾ ਪਵੇਗਾ।"

ਪੁਲਿਸ ਨੇ ਰੋਕਿਆ ਕਿਸਾਨਾਂ ਦੇ ਹੱਕ 'ਚ ਕਾਂਗਰਸੀ ਮਾਰਚ, ਪ੍ਰਿਅੰਕਾ ਗਾਂਧੀ ਸਣੇ ਕਾਂਗਰਸੀ ਲੀਡਰ ਹਿਰਸਾਤ 'ਚ

ਰਾਹੁਲ ਗਾਂਧੀ ਨੇ ਅੱਗੇ ਕਿਹਾ, 'ਨਰੇਂਦਰ ਮੋਦੀ ਜੀ ਦਾ ਇੱਕੋ ਇੱਕ ਟੀਚਾ ਦੋ ਵੱਡੇ ਉਦਯੋਗਪਤੀਆਂ ਲਈ ਪੈਸਾ ਬਣਾਉਣਾ ਹੈ। ਉਹ ਲੋਕ ਜੋ ਮੋਦੀ ਜੀ ਦੇ ਵਿਰੁੱਧ ਖੜੇ ਹੁੰਦੇ ਹਨ, ਉਨ੍ਹਾਂ ਦੇ ਖਿਲਾਫ ਕੁਝ ਕਹਿੰਦੇ ਹਨ। ਕਿਸਾਨ ਨੂੰ ਅੱਤਵਾਦੀ ਕਹਿੰਦੇ ਹਨ, ਕੱਲ੍ਹ ਜੇ ਮੋਹਨ ਭਾਗਵਤ ਵੀ ਉਨ੍ਹਾਂ ਵਿਰੁੱਧ ਖੜੇ ਹੋ ਗਏ, ਤਾਂ ਉਹ ਉਨ੍ਹਾਂ ਨੂੰ ਵੀ ਅੱਤਵਾਦੀ ਕਹਿ ਦੇਣਗੇ।

ਰਾਹੁਲ ਗਾਂਧੀ ਨੇ ਕਿਹਾ, 'ਪ੍ਰਧਾਨ ਮੰਤਰੀ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਹਰ ਚੀਜ਼ ਦੀ ਆਪਣੀ ਸੀਮਾ ਹੁੰਦੀ ਹੈ। ਮੈਂ ਦੁਬਾਰਾ ਦੁਹਰਾ ਰਿਹਾ ਹਾਂ ਕਿ ਜਿਸ ਤਰ੍ਹਾਂ ਨਰੇਂਦਰ ਮੋਦੀ ਕਰ ਰਹੇ ਹਨ, ਭਾਰਤ ਦੇ ਕਿਸੇ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲੇਗਾ, ਸਾਰੀਆਂ ਮੱਧ ਵਰਗ ਦੀਆਂ ਨੌਕਰੀਆਂ ਖ਼ਤਮ ਹੋ ਜਾਣਗੀਆਂ। ਭਾਰਤ ਵਿੱਚ ਲੋਕਤੰਤਰ ਨਹੀਂ ਹੈ, ਲੋਕਤੰਤਰ ਸਿਰਫ ਕਲਪਨਾ ਵਿੱਚ ਹੀ ਹੋ ਸਕਦਾ ਹੈ, ਅਸਲ ਵਿੱਚ ਕੋਈ ਲੋਕਤੰਤਰ ਨਹੀਂ।’

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ