ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਵਿਵਾਦ ਜ਼ਮੀਨੀ ਪੱਧਰ 'ਤੇ ਪਹੁੰਚ ਗਿਆ ਹੈ। ਰਾਹੁਲ ਅੱਜ ਪੰਜਾਬ ਤੋਂ ਹਰਿਆਣਾ ਪਹੁੰਚਣ ਜਾ ਰਹੇ ਹਨ ਅਤੇ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਭੀੜ ਦੇ ਨਾਲ ਆਉਣ 'ਤੇ ਰਾਹੁਲ ਲਈ ਨੋ ਐਂਟਰੀ ਹੋਵੇਗੀ।
ਪੰਜਾਬ ਤਕ ਰਾਹੁਲ ਲਈ ਮਾਮਲਾ ਘਰੇਲੂ ਵਰਗਾ ਹੈ ਕਿਉਂਕਿ ਇੱਥੇ ਕਾਂਗਰਸ ਦੀ ਸਰਕਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਖ਼ੁਦ ਰਾਹੁਲ ਦੇ ਉਪ ਕਪਤਾਨ ਬਣੇ ਹੋਏ ਹਨ ਪਰ ਟਰੈਕਟਰ ਦੇ ਹਰਿਆਣਾ ਵੱਲ ਮੁੜਦੇ ਸਾਰ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਖੱਟਰ ਭੀੜ ਦੇ ਨਾਲ ਆਉਣ 'ਤੇ ਨੋ ਐਂਟਰੀ ਬੋਰਡ ਲੈ ਕੇ ਤਿਆਰ ਹਨ।
ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ, "ਲੋਕਤੰਤਰ ਵਿੱਚ ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੁੰਦਾ ਹੈ। ਸਾਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ, ਸਿਰਫ ਉਨ੍ਹਾਂ ਨੂੰ ਅਮਨ-ਕਾਨੂੰਨ ਦੀ ਸਥਿਤੀ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ। ਜੇ ਉਹ ਝੁੰਡ ਬਣਾ ਕੇ ਪੰਜਾਬ ਦੇ ਪਾਸਿਓਂ ਆਉਂਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।''
ਗ੍ਰਹਿ ਮੰਤਰੀ ਅਨਿਲ ਵਿਜ ਰਾਹੁਲ ਨੂੰ ਰੋਕਣ ਲਈ ਦੋ ਕਦਮ ਅੱਗੇ ਵੱਧ ਗਏ ਹਨ। ਅਨਿਲ ਵਿਜ ਨੇ ਰਾਹੁਲ ਦੇ ਲਸ਼ਕਰ ਨੂੰ ਹੁਲੜਵਾਜ਼ਾਂ ਦਾ ਗਿਰੋਹ ਕਿਹਾ ਸੀ। ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਅਨਿਲ ਵਿਜ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਰਾਹੁਲ ਨੂੰ ਰੋਕਣ ਦੀ ਚੁਣੌਤੀ ਵੀ ਦਿੱਤੀ ਹੈ।