ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਕਾਰਨ ਯਾਤਰੀਆਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਰੇਲਵੇ ਨੇ ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ 168 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ। ਇਹ ਰੇਲ ਗੱਡੀਆਂ 20 ਤੋਂ 31 ਮਾਰਚ ਤੱਕ ਬੰਦ ਰਹਿਣਗੀਆਂ। ਰੇਲਵੇ ਦਾ ਕਹਿਣਾ ਹੈ ਕਿ ਜਿਹੜੀਆਂ 155 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ 'ਤੇ ਯਾਤਰੀਆਂ ਤੋਂ ਪੈਸੇ ਨਹੀਂ ਲਏ ਜਾਣਗੇ ਅਤੇ ਸਾਰੀਆਂ ਨੂੰ 100 ਪ੍ਰਤੀਸ਼ਤ ਕਿਰਾਇਆ ਵਾਪਸ ਮਿਲੇਗਾ।




ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ ਦੀ ਲੋਕਾਂ ਨੂੰ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਪੱਛਮੀ ਰੇਲਵੇ ਦੀਆਂ ਉਪਨਗਰ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਗਿਣਤੀ 8 ਲੱਖ ਤੋਂ ਵੀ ਘੱਟ ਹੋ ਗਈ। ਵੀਰਵਾਰ ਨੂੰ ਭਾਰਤ ‘ਚ ਕੋਰੋਨੋਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ਵਿਚ ਇਸ ਦੀ ਕੁੱਲ ਗਿਣਤੀ 169 ਹੋ ਗਈ ਹੈ।



ਸਿਹਤ ਮੰਤਰਾਲੇ ਵੱਲੋਂ ਦਿੱਤੇ ਅਧਿਕਾਰਤ ਅੰਕੜਿਆਂ ਅਨੁਸਾਰ, ਵਾਇਰਸ ਨਾਲ ਸੰਕਰਮਿਤ 15 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ।