ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਅੱਜ 99ਵਾਂ ਦਿਨ ਹੈ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ‘ਏਬੀਪੀ ਗੰਗਾ’ ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਅੰਦੋਲਨ ਦੇ 100 ਦਿਨ ਪੂਰੇ ਹੋਣ ਵਾਲੇ ਹਨ। ਅੰਦੋਲਨ ਹਾਲੇ ਲੰਮਾ ਚੱਲੇਗਾ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਰਾਜਸਥਾਨ ਪੰਚਾਇਤ ’ਚ ਮੰਚ ਤੋਂ ਉਨ੍ਹਾਂ ਇੱਕ ਗੱਲ ਆਖੀ ਸੀ ਕਿ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ; ਉਹ ਹੁਣ ਬੈਰੀਕੇਡਿੰਗ ਤੋੜਨ ਦੀ ਤਿਆਰੀ ਕਰ ਲੈਣ।


 


ਰਾਕੇਸ਼ ਟਿਕੈਤ ਨੇ ਕਿਹਾ, ਅਸੀਂ ਇਹੋ ਕਿਹਾ ਹੈ ਕਿ ਖੇਤ ਤੋਂ ਹੀ ਰੋਜ਼ਗਾਰ ਪੈਦਾ ਹੁੰਦਾ ਹੈ। ਨਾਗੌਰ ’ਚ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਤੇ ਬਹੁਤ ਦੂਰ-ਦੂਰ ਵਾਹਨ ਖੜ੍ਹੇ ਕੀਤੇ ਹੋਏ ਸਨ। ਇੱਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਮਹਿੰਗਾਈ ਵਧ ਰਹੀ ਹੈ, ਗੈਸ ਸਿਲੰਡਰ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਅਸੀਂ ਫ਼ਿਲਹਾਲ ਸਿਆਸਤ ਤੋਂ ਦੂਰ ਹਾਂ, ਉੱਧਰ ਗਰਮੀ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਛੱਪਰ ਲਾਏ ਜਾ ਰਹੇ ਹਨ, ਕੂਲਰ ਆਉਣ ਵਾਲੇ ਹਨ।


 


ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਸਰਕਾਰ ਕਿਤੇ ਗੁਆਚ ਗਈ ਹੈ। ਸਰਕਾਰ ਨੇ ਇੱਕ ਨਵੀਂ ਮੰਡੀ ਦਾ ਪਤਾ ਲਾ ਲਿਆ ਹੈ। ਪਾਰਲੀਮੈਂਟ ’ਚ ਪਤਾ ਲੱਗ ਗਿਆ ਹੈ ਕਿ ਨਵੀਂ ਮੰਡੀ ਪਾਰਲੀਮੈਂਟ ਹੈ। ਅਸੀਂ ਹੁਣ ਪਾਰਲੀਮੈਂਟ ’ਚ ਹੀ ਜਾ ਕੇ ਫ਼ਸਲ ਵੇਚਾਂਗੇ।


 


ਟਿਕੈਤ ਨੇ ਕਿਹਾ ਕਿ ਸਾਡੀ ਪੰਚਾਇਤ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਰੀਵਾ, ਜੱਬਲਪੁਰ, ਉੱਤਰ ਪ੍ਰਦੇਸ਼ ਦੇ ਪੂਰਵਾਂਚਲ ’ਚ ਬਲੀਆ ਤੇ ਕਰਨਾਟਕ ’ਚ ਹੋਵੇਗੀ। ਬੰਗਾਲ ’ਚ ਅਸੀਂ ਹੋਲੀ ਤੋਂ ਬਾਅਦ ਹੀ ਜਾਵਾਂਗੇ। ਭਾਜਪਾ ਜਿੱਥੇ ਚੋਣ ਲੜੇਗੀ, ਉਸ ਨੂੰ ਹਰਾਉਣ ਜਾਵਾਂਗੇ। ਅਸੀਂ ਬੰਗਾਲ ਦੇ ਕਿਸਾਨ ਦੀ ਲੜਾਈ ਲੜਨ ਜਾਵਾਂਗੇ।