ਨਵੀਂ ਦਿੱਲੀ: ਖਾਲਿਸਤਾਨੀ ਸੰਗਠਨ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਲਾਨ ਤੋਂ ਬਾਅਦ 4 ਜੁਲਾਈ ਨੂੰ ਰੂਸੀ ਵੈਬਸਾਈਟ ਰਾਹੀਂ 'ਰੈਫਰੈਂਡਮ 2020' ਦੀ ਵੋਟਿੰਗ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ।  ਇਸ ਤੋਂ ਬਾਅਦ ਭਾਰਤ ਦੀਆਂ ਖੁਫੀਆ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਹੁਣ ਭਾਰਤ ਨੇ ਐਕਸ਼ਨ ਲੈਂਦਿਆਂ ਰੂਸੀ ਪੋਰਟਲ 'ਤੇ ਰੋਕ ਲਾ ਦਿੱਤੀ ਹੈ। ਐਸਐਫਜੇ ਵੱਲੋਂ ਸਿਖਾਂ ਲਈ ਵੱਖਰਾ ਦੇਸ਼ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।



ਏਜੰਸੀਆਂ ਦਾ ਕਹਿਣਾ ਹੈ ਕਿ ਭਾਰਤ ਵਿਰੋਧੀ ਮੁਹਿੰਮ 'ਰੈਫਰੈਂਡਮ 2020' ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ‘ਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੀਆਂ ਯੋਜਨਾਵਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ। ਹਾਲਾਂਕਿ ਐਸਐਫਜੇ ਨੇ ਦਾਅਵਾ ਕੀਤਾ ਹੈ ਕਿ ਇੱਕੋ ਦਿਨ ‘ਚ ਸੂਬੇ ਭਰ ‘ਚ 10,000 ਵੋਟਰ ਰਜਿਸਟ੍ਰੇਸ਼ਨ ਫਾਰਮ ਵੰਡੇ ਗਏ ਹਨ।



ਇਹ ਰਜਿਸਟਰੇਸ਼ਨ ਗੈਰ ਸਰਕਾਰੀ ਪੰਜਾਬ ਸੁਤੰਤਰਤਾ ਜਨਮਤ ਸੰਗ੍ਰਹਿ ਦੇ ਪ੍ਰਸੰਗ ‘ਚ ਲੋਕਾਂ ਦੀ ਭਾਗੀਦਾਰੀ ਦਰਸਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਨੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਦੇ ਸਿੱਖ ਜਾਂ ਹੋਰ ਧਰਮਾਂ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਰਜਿਸਟਰ ਕਰਨ।