ਚੰਡੀਗੜ੍ਹ: ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅੱਜ ਦੂਜੇ ਦਿਨ ਵੀ ਬੰਦ ਹਨ। ਇਸ ਨਾਲ ਸਵਾਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਪੱਕੇ ਕਰਨ ਲਈ ਤਿੰਨ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ।

ਅੱਜ ਹਜ਼ਾਰਾਂ ਠੇਕਾ ਮੁਲਾਜ਼ਮ ਹੜਤਾਲ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਇਕੱਤਰ ਹੋਏ। ਉਨ੍ਹਾਂ ਦੀ ਇਸ ਕਾਰਵਾਈ ਨਾਲ ਸੜਕ ਜਾਮ ਹੋ ਗਈ।

ਪੁਲਿਸ ਨੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮਹਿਲ ਦੇ ਨੇੜੇ ਜਾਣ ਤੋਂ ਰੋਕਣ ਲਈ ਪੁਖਤਾ ਬੰਦੋਬਸਤ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਜਿਥੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਪ੍ਰਾਈਵੇਟ ਟਰਾਂਸਪੋਟਰ ਇਸ ਹੜਤਾਲ ਦਾ ਪੂਰਾ ਲਾਹਾ ਲੈ ਰਹੇ ਹਨ।

ਭਾਵੇਂ ਮੈਨੇਜਮੈਂਟ ਵੱਲੋਂ ਬੱਸ ਸਰਵਿਸ ਚਾਲੂ ਰੱਖਣ ਲਈ ਬਦਲਵੇਂ ਪ੍ਰਬੰਧਾਂ ਵਜੋਂ ਆਪਣੇ ਦਫ਼ਤਰੀ ਤੇ ਫੀਲਡ ਅਮਲੇ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਪਰ ਫਿਰ ਵੀ ਇਸ ਹੜਤਾਲ਼ ਕਾਰਨ ਬੱਸ ਸਫ਼ਰ ਕਰਨ ਵਾਲ਼ੇ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹੜਤਾਲ 30 ਜੂਨ ਨੂੰ ਵੀ ਜਾਰੀ ਰਹੇਗੀ। ਇਨ੍ਹਾਂ ਹੜਤਾਲੀ ਮੁਲਾਜ਼ਮਾਂ ਵੱਲੋਂ ਅੱਜ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਸੀ।

ਦੱਸ ਦਈਏ ਕਿ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬੱਸ ਨਾਲ਼ ਸਬੰਧਿਤ ਸਮੂਹ ਕੰਟਰੈਕਟ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਸਣੇ ਦਫ਼ਤਰੀ ਤੇ ਫੀਲਡ ਕਾਮਿਆਂ ਨੇ ਆਪੋ-ਆਪਣੀਆਂ ਯੂਨੀਅਨਾਂ ਨੂੰ ਇਕੱਠਾ ਕਰਦਿਆਂ ‘ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਵਰਕਰ ਯੂਨੀਅਨ ਪੰਜਾਬ’ ਨਾਂ ਦੀ ਸਾਂਝੀ ਜਥੇਬੰਦੀ ਬਣਾਈ ਹੋਈ ਹੈ। ਇਸ ਦੀ ਅਗਵਾਈ ਹੇਠਾਂ ਹੀ ਇਨ੍ਹਾਂ ਵੱਲੋਂ ਇਹ ਤਿੰਨ ਰੋਜ਼ਾ ਸੂਬਾਈ ਹੜਤਾਲ਼ ਸ਼ੁਰੂ ਕੀਤੀ ਗਈ ਹੈ।

ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਨੇ ਇਨ੍ਹਾਂ ਅਦਾਰਿਆਂ ਦੇ ਅੱਠ ਹਜ਼ਾਰ ਦੇ ਕਰੀਬ ਕੰਟਰੈਕਟ ਆਧਾਰਿਤ ਮੁਲਾਜ਼ਮਾਂ/ਵਰਕਰਾਂ ਦੇ ਹੜਤਾਲ ’ਤੇ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਮੁਤਾਬਕ ਪੀਆਰਟੀਸੀ ਦੇ 35 ਸੌ ਤੋਂ ਵੱਧ ਜਦੋਂਕਿ ਪੰਜਾਬ ਰੋਡਵੇਜ਼ ਤੇ ਪਨਬਸ ਦੇ 45 ਸੌ ਦੇ ਕਰੀਬ ਕੰਟਰੈਕਟ ਵਰਕਰ ਹੜਤਾਲ਼ ’ਤੇ ਰਹੇ।

ਉਧਰ, ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਕਿਹਾ ਕਿ ਹੜਤਾਲ਼ ਦੌਰਾਨ ਲੋਕਾਂ ਦੀ ਸੁਵਿਧਾ ਲਈ ਅਦਾਰੇ ਵੱਲੋਂ ਅਗਾਊਂ ਹੀ ਬਦਲਵੇਂ ਪ੍ਰਬੰਧ ਕੀਤੇ ਗਏ ਸਨ। ਔਖੀ ਘੜੀ ਅਦਾਰੇ ਲਈ ਸੇਵਾਵਾਂ ਨਿਭਾਉਣ ਵਾਲ਼ੇ ਮੁਲਾਜ਼ਮਾਂ ਦੀ ਉਨ੍ਹਾਂ ਸ਼ਲਾਘਾ ਕੀਤੀ। ਸ਼ਰਮਾ ਨੇ ਕਿਹਾ ਕਿ ਅਦਾਰਾ ਅਗਲੇ ਦੋ ਦਿਨ ਵੀ ਲੋਕਾਂ ਲਈ ਬੱਸ ਸਰਵਿਸ ਚਾਲੂ ਰੱਖਣ ਲਈ ਹਰ ਸੰਭਵ ਯਤਨ ਕਰਦਾ ਰਹੇਗਾ।