ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜੰਗ 'ਚ ਲਾਪ੍ਰਵਾਹੀ ਵਰਤਣ ਤੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਮੋਦੀ ਸਰਕਾਰ ਤੋਂ ਖੁਸ਼ ਨਹੀਂ ਹੈ। ਬੇਸ਼ੱਕ ਪਹਿਲਾਂ ਕੁਝ ਆਰਐਸਐਸ ਨੇ ਸਰਕਾਰ 'ਤੇ ਸਵਾਲ ਉਠਾਏ ਸੀ ਪਰ ਪਹਿਲੀ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਦੀ ਲਾਪ੍ਰਵਾਹੀ ਕਰਕੇ ਹੀ ਦੇਸ਼ ਇਸ ਬਿਪਤਾ ਵਿੱਚ ਫਸਿਆ ਹੈ।
ਮੋਹਨ ਭਾਗਵਤ ਨੇ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ’ਚ ਇਕਜੁੱਟ ਤੇ ਸਕਾਰਾਤਮਕ ਬਣੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮਹਾਮਾਰੀ ਦੀ ਪਹਿਲੀ ਲਹਿਰ ਮਗਰੋਂ ਸਰਕਾਰ, ਪ੍ਰਸ਼ਾਸਨ ਤੇ ਜਨਤਾ ਦੇ ਲਾਪ੍ਰਵਾਹ ਹੋਣ ਕਾਰਨ ਮੌਜੂਦਾ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕੋਰੋਨਾ ਕਰਕੇ ਦੇਸ਼ ਦੇ ਵਿਦੇਸ਼ਾਂ ਵਿੱਚ ਭਾਰਤ ਦੇ ਬੀਜੇਪੀ ਸਰਕਾਰ ਦੇ ਅਕਸ ਨੂੰ ਲੱਗੀ ਢਾਅ ਤੋਂ ਆਰਐਸਐਸ ਦੀ ਲੀਡਰਸ਼ਿਪ ਵਿੱਚ ਕਾਫੀ ਰੋਸ ਹੈ।
ਇਸ ਲਈ ਕਈ ਆਰਐਸਐਸ ਲੀਡਰਾਂ ਨੇ ਮੋਦੀ ਸਰਕਾਰ ਉੱਪਰ ਸਵਾਲ ਉਠਾਏ ਸੀ। ਹੁਣ ਮੋਹਨ ਭਾਗਵਤ ਨੇ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਨਾਲ ਹੀ ਨਸੀਹਤ ਦਿੱਤੀ ਹੈ ਕਿ ਇਸ ਚੁਣੌਤੀ ਭਰੇ ਸਮੇਂ ’ਚ ਇੱਕ-ਦੂਜੇ ’ਤੇ ਉਂਗਲ ਚੁੱਕਣ ਦੀ ਥਾਂ ਸਾਨੂੰ ਇਕਜੁੱਟ ਰਹਿਣਾ ਹੋਵੇਗਾ ਤੇ ਇੱਕ ਟੀਮ ਵਾਂਗ ਕੰਮ ਕਰਨਾ ਪਵੇਗਾ।
ਉਨ੍ਹਾਂ ਕਿਹਾ, ‘ਅਸੀਂ ਇਨ੍ਹਾਂ ਹਾਲਤਾਂ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਸਰਕਾਰ, ਪ੍ਰਸ਼ਾਸਨ ਤੇ ਜਨਤਾ ਸਾਰੇ ਕਰੋਨਾ ਦੀ ਪਹਿਲੀ ਲਹਿਰ ਮਗਰੋਂ ਬੇਪ੍ਰਵਾਹ ਹੋ ਗਏ ਸਨ ਜਦਕਿ ਡਾਕਟਰਾਂ ਵੱਲੋਂ ਸੰਕੇਤ ਦਿੱਤੇ ਜਾ ਰਹੇ ਸੀ।’ ਉਨ੍ਹਾਂ ਕਿਹਾ ਕਿ ਹੁਣ ਤੀਜੀ ਲਹਿਰ ਦੀ ਗੱਲ ਹੋ ਰਹੀ ਹੈ, ਪਰ ਉਨ੍ਹਾਂ ਡਰਨਾ ਨਹੀਂ ਹੈ। ਉਹ ਚੱਟਾਨ ਵਾਂਗ ਇਕੱਠੇ ਰਹਿਣਗੇ।
ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਕਾਰਾਤਮਕ ਰਹਿਣਾ ਪਵੇਗਾ ਤੇ ਮੌਜੂਦਾ ਹਾਲਾਤ ’ਚ ਖੁਦ ਨੂੰ ਕਰੋਨਾ ਲਾਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਇਹ ਇੱਕ-ਦੂਜੇ ’ਤੇ ਉਂਗਲ ਚੁੱਕਣ ਦਾ ਸਹੀ ਸਮਾਂ ਨਹੀਂ।