ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਘ ਨੇ ਇਹ ਜਾਣਕਾਰੀ ਦਿੱਤੀ ਹੈ।

 

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਭਾਗਵਤ ਨੂੰ ਹਸਪਤਾਲ ਦੇ ਕੋਵਿਡ -19 ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਭਾਗਵਤ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸੰਘ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਭਾਗਵਤ ਕੋਵਿਡ -19 ਸੰਕਰਮਿਤ ਪਾਏ ਗਏ ਹਨ।

 


 

ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋ ਗਈ ਹੈ। ਹਰ ਰੋਜ਼ ਕੋਰੋਨਾ ਦੇ ਨਵੇਂ ਕੇਸ ਰਿਕਾਰਡ ਤੋੜ ਰਹੇ ਹਨ। ਪੰਜਵੀਂ ਵਾਰ ਦੇਸ਼ 'ਚ ਇਕ ਲੱਖ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 145,384 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 794 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਹਾਲਾਂਕਿ, 77,567 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 4, 6, 7 ਅਤੇ 8 ਅਪ੍ਰੈਲ ਨੂੰ ਇਕ ਲੱਖ ਤੋਂ ਵੱਧ ਕੇਸ ਆਏ ਸਨ।

 

ਅੱਜ ਦੇਸ਼ 'ਚ ਕੋਰੋਨਾ ਦੀ ਸਥਿਤੀ- 

 

ਕੁੱਲ ਕੋਰੋਨਾ ਦੇ ਕੇਸ- ਇਕ ਕਰੋੜ 32 ਲੱਖ 5 ਹਜ਼ਾਰ 926 

ਕੁੱਲ ਡਿਸਚਾਰਜ- ਇਕ ਕਰੋੜ 19 ਲੱਖ 90 ਹਜ਼ਾਰ 859 

ਕੁੱਲ ਐਕਟਿਵ ਮਾਮਲੇ- ਇਕ ਲੱਖ 46 ਹਜ਼ਾਰ 631

ਕੁੱਲ ਮੌਤਾਂ- ਇਕ ਲੱਖ 68 ਹਜ਼ਾਰ 436 

ਕੁੱਲ ਟੀਕਾਕਰਨ- 9 ਕਰੋੜ 80 ਲੱਖ 75 ਹਜ਼ਾਰ 160 ਡੋਜ਼ ਦਿੱਤੀ ਗਈ

 

ਕੋਰੋਨਾ ਟੀਕਾ ਲਗਵਾਉਣ ਦੀ ਮੁਹਿੰਮ ਦੇਸ਼ 'ਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। 9 ਅਪ੍ਰੈਲ ਤੱਕ ਦੇਸ਼ ਭਰ 'ਵਿਚ 9 ਕਰੋੜ 80 ਲੱਖ 75 ਹਜ਼ਾਰ 160 ਕੋਰੋਨਾ ਡੋਜ਼ ਦਿੱਤੀ ਗਈ ਹੈ। ਪਿਛਲੇ ਦਿਨ 34 ਲੱਖ 15 ਹਜ਼ਾਰ 55 ਟੀਕੇ ਲਗੇ। ਵੈਕਸੀਨ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ ਸੀ। 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।

 

ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.27 ਪ੍ਰਤੀਸ਼ਤ ਹੈ ਜਦਕਿ ਰਿਕਵਰੀ ਰੇਟ 91 ਪ੍ਰਤੀਸ਼ਤ ਦੇ ਆਸ ਪਾਸ ਹੈ। ਐਕਟਿਵ ਕੇਸ ਵਧ ਕੇ 7 ਪ੍ਰਤੀਸ਼ਤ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਚੌਥੇ ਨੰਬਰ 'ਤੇ ਹੈ।