ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਸਿਰਸਾ ਨੇ ਟਵੀਟ ਕਰਦਿਆਂ ਤਾਪਸੀ ਪੰਨੂ ਨੂੰ ਕਿਸਾਨਾਂ ਦੇ ਹੱਕ ਵਿਚ ਬੋਲਣ 'ਤੇ ਇਨਕਮ ਟੈਕਸ ਵਿਭਾਗ ਰਾਹੀਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨਾਂ ਦੀ ਜਾਂਚ ਦੌਰਾਨ ਇਨਕਮ ਟੈਕਸ ਵਿਭਾਗ ਵੱਲੋਂ ਤਾਪਸੀ ਪੰਨੂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਮੰਨੇ ਕਿ ਉਸ ਦਾ ਪੈਰਿਸ ਵਿਚ ਘਰ ਹੈ, ਉਸ ਨੇ 5 ਕਰੋੜ ਰੁਪਏ ਨਗਦ ਲਏ ਸਨ ਤੇ 2013 ਵਿੱਚ ਵੀ ਇਸ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਉਦੋਂ ਕੀਤਾ ਜਾ ਰਿਹਾ ਹੈ ਕਿ ਜਦੋਂ ਤਾਪਸੀ ਦੇ ਪਿਤਾ ਨੇ ਸਾਰਾ ਰਿਕਾਰਡ ਬਕਾਇਦਾ ਰੱਖਿਆ ਹੋਇਆ ਹੈ ਤੇ ਹਰ ਪੈਸੇ ਦਾ ਹਿਸਾਬ ਹੈ।
ਸਿਰਸਾ ਨੇ ਕਿਹਾ ਕਿ ਦੇਸ਼ ਵਿੱਚ ਇਹ ਹੁਣ ਰੁਝਾਨ ਬਣ ਗਿਆ ਹੈ ਕਿ ਜੋ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦਾ ਹੈ ਕਦੇ ਉਸ ਦੇ ਘਰ ਸੀਬੀਆਈ ਪਹੁੰਚ ਜਾਂਦੀ ਹੈ, ਕਦੇ ਦਿੱਲੀ ਪੁਲਿਸ, ਕਦੇ ਈਡੀ, ਕਦੇ ਇਨਕਮ ਟੈਕਸ ਵਾਲੇ ਤੇ ਕਦੇ ਹੋਰ ਸਰਕਾਰੀ ਏਜੰਸੀ ਕਿਸਾਨ ਅੰਦੋਲਨ ਦੇ ਹਮਾਇਤੀਆਂ 'ਤੇ ਛੱਡ ਦਿੱਤੀ ਜਾਂਦੀ ਹੈ।