ਫ਼ਰੀਦਕੋਟ: ਪੰਜਾਬ 'ਚ ਕੋਟਕਪੂਰਾ ਗੋਲੀ ਦੀ ਐਸਆਈਟੀ ਜਾਂਚ ਰਿਪੋਰਟ ਨੂੰ ਰੱਦ ਕਰਨ 'ਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਫ਼ਰੀਦਕੋਟ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਮੰਗਲਵਾਰ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਫ਼ਾਈਲ ਬੰਦ ਕਰ ਦਿੱਤੀ ਹੈ। ਇਹ ਕਾਰਵਾਈ ਕੁਝ ਦਿਨ ਪਹਿਲਾਂ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਐਸਆਈਟੀ ਦੀ ਜਾਂਚ ਰਿਪੋਰਟ ਰੱਦ ਕਰਨ ਦੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਦੇ ਅਧਾਰ 'ਤੇ ਕੀਤੀ ਗਈ ਹੈ।


 


ਜ਼ਿਲ੍ਹਾ ਅਦਾਲਤ 'ਚ ਕੇਸ ਫ਼ਾਈਲ ਦੇ ਬੰਦ ਹੋਣ ਨਾਲ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ 7 ਲੋਕਾਂ ਨੂੰ ਇਸ ਮਾਮਲੇ 'ਚ ਵੱਡੀ ਰਾਹਤ ਮਿਲੀ ਹੈ।


 


ਕੋਟਕਪੂਰਾ ਗੋਲੀਕਾਂਡ ਕੇਸ ਦੀ ਜਾਂਚ ਦੇ ਅਧਾਰ 'ਤੇ ਐਸਆਈਟੀ ਨੇ 7 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਉਨ੍ਹਾਂ ਖ਼ਿਲਾਫ਼ ਸ਼ੁਰੂ ਹੋਏ ਟ੍ਰਾਇਲ ਤਹਿਤ ਬੀਤੇ ਦਿਨ ਮੰਗਲਵਾਰ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ 'ਚ ਸੁਣਵਾਈ ਹੋਣੀ ਸੀ। ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਜ਼ਿਲ੍ਹਾ ਅਦਾਲਤ ਨੂੰ ਹਾਈ ਕੋਰਟ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ।


 


ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਇਸ ਕੇਸ ਦੀ ਜਾਂਚ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਸਬੰਧ 'ਚ 89 ਪੰਨਿਆਂ ਦੇ ਫ਼ੈਸਲੇ ਨੂੰ 23 ਅਪ੍ਰੈਲ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਸ ਅਧਾਰ 'ਤੇ ਬਚਾਅ ਪੱਖ ਨੇ ਜ਼ਿਲ੍ਹਾ ਅਦਾਲਤ ਨੂੰ ਕੇਸ ਦੀ ਫਾਈਲ ਬੰਦ ਕਰਨ ਲਈ ਕਿਹਾ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।


 


ਜ਼ਿਲ੍ਹਾ ਅਦਾਲਤ ਵੱਲੋਂ ਕੇਸ ਦੀ ਫ਼ਾਈਲ ਬੰਦ ਹੋਣ ਨਾਲ ਐਸਆਈਟੀ ਵੱਲੋਂ ਚਾਰਜਸ਼ੀਟ ਕੀਤੇ ਗਏ ਸਾਬਕਾ ਡੀਜੀਪੀ, ਮੁਅੱਤਲ ਆਈਜੀ, ਸਾਬਕਾ ਐਸਐਸਪੀ ਵਿਧਾਇਕ ਚਰਨਜੀਤ ਸਿੰਘ ਸ਼ਰਮਾ, ਸਾਬਕਾ ਅਕਾਲੀ ਵਿਧਾਇਕ, ਤਤਕਾਲੀ ਏਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂੰ, ਤਤਕਾਲੀ ਡੀਐਸਪੀ ਬਲਜੀਤ ਸਿੰਘ ਤੇ ਥਾਣਾ ਸਿਟੀ ਐਸਐਚਓ ਗੁਰਦੀਪ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ।


 


ਦੱਸ ਦੇਈਏ ਕਿ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਐਸਆਈਟੀ ਵੱਲੋਂ ਕੁੱਲ ਚਾਰ ਚਲਾਨ ਪੇਸ਼ ਕੀਤੇ ਗਏ ਸਨ। ਕਾਨੂੰਨ ਅਨੁਸਾਰ ਹਾਈ ਕੋਰਟ ਵੱਲੋਂ ਜਾਂਚ ਰਿਪੋਰਟ ਰੱਦ ਕੀਤੇ ਜਾਣ ਕਾਰਨ ਚਲਾਨਾਂ ਨੂੰ ਰੱਦ ਵੀ ਮੰਨਿਆ ਜਾਂਦਾ ਹੈ।


 


ਬਹਿਬਲ ਗੋਲੀਕਾਂਡ ਦੀ ਸੁਣਵਾਈ 18 ਮਈ ਤਕ ਮੁਲਤਵੀ


ਬਹਿਬਲ ਗੋਲੀਕਾਂਡ ਕੇਸ ਦੀ ਸੁਣਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ 'ਚ ਹੋਈ। ਇਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਇਸ ਕੇਸ ਦੀ ਐਸਆਈਟੀ ਦੀ ਜਾਂਚ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ, ਜਿਸ 'ਤੇ 13 ਮਈ ਨੂੰ ਫ਼ੈਸਲਾ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਕੇਸ ਦੀ ਸੁਣਵਾਈ 18 ਮਈ ਤਕ ਮੁਲਤਵੀ ਕਰ ਦਿੱਤੀ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਕੁਲ 7 ਮੁਲਜ਼ਮ ਚਾਰਜਸ਼ੀਟ ਕੀਤੇ ਗਏ ਹਨ।