ਨੰਦੀਗ੍ਰਾਮ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਨਦੀਗ੍ਰਾਮ 'ਚ ਮੁਸ਼ਕਲਾਂ ਪੈਦਾ ਕਰਨ ਅਤੇ ਵੋਟਰਾਂ ਨੂੰ ਧਮਕਾਉਣ ਲਈ ਦੂਜੇ ਸੂਬਿਆਂ ਤੋਂ ਕਥਿਤ ਗੁੰਡੇ ਆਏ ਹਨ। ਉਨ੍ਹਾਂ ਅੱਜ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਅਗਲੇ ਗੇੜ ਲਈ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਮਮਤਾ ਨੇ ਦੋਸ਼ ਲਾਇਆ ਕਿ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ 'ਚੋਂ ਸਥਾਨਕ ਲੋਕਾਂ ਨੂੰ ਭਜਾਇਆ ਜਾ ਰਿਹਾ ਹੈ।


 


ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ, "ਦੂਜੇ ਸੂਬਿਆਂ ਦੇ ਗੁੰਡੇ ਵੋਟਰਾਂ ਨੂੰ ਧਮਕਾਉਣ ਲਈ ਨੰਦੀਗ੍ਰਾਮ 'ਚ ਦਾਖਲ ਹੋਏ ਹਨ। ਬਲਰਾਮਪੁਰ ਪਿੰਡ ਅਤੇ ਹੋਰ ਇਲਾਕਿਆਂ ਦੇ ਪਿੰਡ ਵਾਸੀਆਂ ਨੂੰ ਭਜਾਇਆ ਜਾ ਰਿਹਾ ਹੈ। ਉਹ ਵੋਟਰਾਂ ਨੂੰ ਧਮਕੀਆਂ ਦੇ ਰਹੇ ਹਨ। ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਰਹੇ ਹਾਂ। ਚੋਣ ਕਮਿਸ਼ਨ ਨੂੰ ਇਸ ਸ਼ਿਕਾਇਤ 'ਤੇ ਨੋਟਿਸ ਲੈਂਦਿਆਂ ਕਾਰਵਾਈ ਕਰਨੀ ਚਾਹੀਦੀ ਹੈ।"


 


ਮਮਤਾ ਬੈਨਰਜੀ ਨੇ ਗਊਘਾਟ 'ਚ ਚੋਣ ਰੈਲੀ ਕੀਤੀ


ਗਊਘਾਟ 'ਚ ਇੱਕ ਚੋਣ ਰੈਲੀ 'ਚ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਕਿਹਾ, "ਉਹ ਮੇਰੇ ਵਿਰੁੱਧ ਲੜਨ ਲਈ ਸੈਂਕੜੇ ਆਗੂਆਂ ਨੂੰ ਲੈ ਕੇ ਆਏ ਸਨ। ਉਹ ਇਕੱਲੀ ਔਰਤ ਵਿਰੁੱਧ ਨਹੀਂ ਲੜ ਸਕਦੇ। ਇਹ ਉਨ੍ਹਾਂ ਦਾ ਡਰ ਹੈ। ਉਹ ਬੰਗਾਲ ਨੂੰ ਨਫ਼ਰਤ ਕਰਦੇ ਹਨ। ਇਸੇ ਕਰਕੇ ਹੁਣ ਤੱਕ ਉਨ੍ਹਾਂ ਨੇ ਮੇਰੇ ਸੂਬੇ ਦਾ ਨਾਮ ਪੱਛਮੀ ਬੰਗਾਲ ਤੋਂ ਬਦਲ ਕੇ ਬੰਗਾਲ ਨਹੀਂ ਕੀਤਾ।"


 


ਮਮਤਾ ਨੇ ਕਿਹਾ, "ਮੇਰੀ ਕਾਰ' ਤੇ ਹਮਲਾ ਹੋਇਆ ਸੀ। ਪੱਤਰਕਾਰਾਂ ਨੇ ਵੀ ਇਹ ਘਟਨਾ ਵੇਖੀ ਹੈ। ਮੈਂ ਚੋਣਾਂ ਕਰਕੇ ਚੁੱਪ ਹਾਂ। ਇਸ ਤੋਂ ਬਾਅਦ ਵਿਖਾਵਾਂਗੀ ਵੱਡੇ-ਵੱਡੇ ਚਿਹਰੇ ਵਾਲਿਆਂ ਨੂੰ। ਗੁੰਡਾ ਮਿਰਜਾਪੁਰ ਦੀ ਪਾਰਟੀ ਹੈ ਭਾਜਪਾ। ਉੱਤਰ ਪ੍ਰਦੇਸ਼ ਦੇ ਹਾਥਰਸ ਵਰਗਾ ਬੰਗਾਲ ਨੂੰ ਬਣਾਉਣਾ ਚਾਹੁੰਦੇ ਹਨ। ਇੱਥੇ ਦੀਆਂ ਕੁੜੀਆਂ ਨੂੰ ਹੱਥ ਲਗਾ ਕੇ ਤਾਂ ਵਿਖਾਓ। ਮੈਂ ਚੋਣ ਕਮਿਸ਼ਨ ਨੂੰ ਬੋਲ-ਬੋਲ ਕੇ ਪ੍ਰੇਸ਼ਾਨ ਹੋ ਗਈ ਹਾਂ, ਪਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਮੈਂ ਚਾਹੁੰਦੀ ਹਾਂ ਕਿ ਚੋਣਾਂ ਸ਼ਾਂਤੀਪੂਰਵਕ ਹੋਣ। ਗੁੰਡਾ ਭਾਜਪਾ ਬੰਗਾਲ 'ਚ ਦਾਖਲ ਹੋਣਾ ਚਾਹੁੰਦੀ ਹੈ।"


 


'ਮੁੱਖ ਮੰਤਰੀ ਨੂੰ ਹਾਰ ਦਾ ਅਹਿਸਾਸ ਹੋਇਆ'


ਇਸ ਦੇ ਨਾਲ ਹੀ ਭਾਜਪਾ ਆਗੂ ਜੈਪ੍ਰਕਾਸ਼ ਮਜੂਮਦਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਨ੍ਹਾਂ ਦੋਸ਼ਾਂ ਨੂੰ ਵੇਖਣਾ ਹੈ, ਪਰ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਹਾਰ ਦਾ ਅਹਿਸਾਸ ਹੋ ਗਿਆ ਹੈ, ਇਸੇ ਲਈ ਉਹ ਪਹਿਲਾਂ ਹੀ ਅਜਿਹੇ ਦਾਅਵੇ ਕਰ ਰਹੀ ਹੈ। ਇਸ ਸਮੇਂ ਵੋਟਿੰਗ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਨੰਦੀਗ੍ਰਾਮ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।


 


ਇਸ ਤੋਂ ਇਲਾਵਾ ਵੋਟਿੰਗ ਤੋਂ ਪਹਿਲਾਂ ਕੇਂਦਰੀ ਬਲਾਂ ਦੀਆਂ 22 ਕੰਪਨੀਆਂ ਨੰਦੀਗ੍ਰਾਮ 'ਚ ਤਾਇਨਾਤ ਕੀਤੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਵੋਟਿੰਗ ਦੇ ਦਿਨ 1 ਅਪ੍ਰੈਲ ਨੂੰ ਨੰਦੀਗ੍ਰਾਮ 'ਚ 22 ਮੈਂਬਰੀ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿਧਾਨ ਸਭਾ ਹਲਕੇ 'ਚ ਕੁੱਲ 355 ਪੋਲਿੰਗ ਸਟੇਸ਼ਨ ਹਨ ਅਤੇ ਉਨ੍ਹਾਂ 'ਚੋਂ 75 ਫ਼ੀਸਦੀ 'ਚ ਵੈੱਬਕਾਸਟਿੰਗ ਦੀ ਸਹੂਲਤ ਹੋਵੇਗੀ।