ਚੰਡੀਗੜ੍ਹ: ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਨੇ ਸਮੁੱਚੇ ਭਾਰਤ ਨੂੰ ਵਖ਼ਤ ਪਾ ਕੇ ਰੱਖਿਆ ਹੋਇਆ ਹੈ। ਅਮਰੀਕਾ ਦੇ ਮਹਾਂਨਗਰ ਨਿਊ ਯਾਰਕ ’ਚ ਕੋਵਿਡ 19 ਮਰੀਜ਼ਾਂ ਦੇ ਇਲਾਜ ਦਾ ਮੋਰਚਾ ਸੰਭਾਲਦੇ ਰਹੇ 34 ਸਾਲਾ ਡਾ. ਹਰਮਨਦੀਪ ਸਿੰਘ ਬੋਪਾਰਾਏ ਨੇ ਜਦੋਂ ਖ਼ਬਰਾਂ ਸੁਣੀਆਂ ਕਿ ਪੰਜਾਬ ’ਚ ਕੋਵਿਡ ਮਹਾਮਾਰੀ ਦੀ ਲਾਗ ਵੱਡੇ ਪੱਧਰ ’ਤੇ ਫੈਲ ਰਹੀ ਹੈ, ਤਾਂ ਉਹ ਤੁਰੰਤ ਅੰਮ੍ਰਿਤਸਰ ਪੁੱਜੇ।

 

ਉਹ ਇਸ ਵੇਲੇ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ’ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਦੇ ਹੱਥ ਵਿੱਚ ਇੰਨਾ ਜੱਸ ਹੈ ਕਿ ਉਨ੍ਹਾਂ ਦੇ ਸਾਰੇ ਮਰੀਜ਼ ਠੀਕ ਵੀ ਹੋ ਰਹੇ ਹਨ। ਡਾ. ਬੋਪਾਰਾਏ ਨਿਊ ਯਾਰਕ ’ਚ ‘ਫ਼੍ਰੰਟਲਾਈਨ ਵਰਕਰ’ ਵਜੋਂ ਕੰਮ ਕਰਦੇ ਰਹੇ ਹਨ। ਅੱਜ ਸੋਮਵਾਰ ਨੂੰ ਉਹ ਮੁੰਬਈ ਦੇ 1,000 ਬਿਸਤਰਿਆਂ ਵਾਲੇ ਇੱਕ ਹਸਪਤਾਲ ’ਚ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਲਈ ਜਾ ਰਹੇ ਹਨ। ਉੱਥੇ ਉਨ੍ਹਾਂ ਨੂੰ ਮੈਡੀਕਲ ਭਾਈਚਾਰੇ ਦੀ ਇੱਕ ਕੌਮਾਂਤਰੀ ਜਥੇਬੰਦੀ ‘ਡਾਕਟਰਜ਼ ਵਿਦਾਊਟ ਬਾਰਡਰਜ਼’ ਨੇ ਸੱਦਿਆ ਹੈ।

 

ਡਾ. ਬੋਪਾਰਾਏ ਹੁਣ ਅਗਲੇ ਕੁਝ ਹਫ਼ਤੇ ਮੁੰਬਈ ਦੇ ਹੀ ਉਸ ਹਸਪਤਾਲ ’ਚ ਆਪਣੀਆਂ ਕੋਵਿਡ ਸੇਵਾਵਾਂ ਦੇਣਗੇ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਅਨਿਲ ਸ਼ਰਮਾ ਦੀ ਰਿਪੋਰਟ ਅਨੁਸਾਰ ਡਾ. ਹਰਮਨਦੀਪ ਸਿੰਘ ਬੋਪਾਰਾਏ ਅਨੈਸਥੀਜ਼ੀਓਲੌਜੀ ਤੇ ਗੰਭੀਰ ਰੋਗਾਂ ਦੀ ਦੇਖਭਾਲ ਕਰਨ ਵਿੱਚ ਮਾਹਿਰ ਹਨ। ਉਨ੍ਹਾਂ ਸਾਲ 2011 ’ਚ ਨਿਊ ਯਾਰਕ (ਅਮਰੀਕਾ) ਰਵਾਨਗੀ ਪਾਉਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਐਮਬੀਬੀਐਸ ਕੀਤੀ ਸੀ।

 

ਅੰਮ੍ਰਿਤਸਰ ’ਚ ਡਾ. ਬੋਪਾਰਾਏ ਅਨੇਕ ਡਾਕਟਰਾਂ ਤੇ ਨਰਸਾਂ ਨੂੰ ਟ੍ਰੇਨਿੰਗ ਵੀ ਦੇ ਚੁੱਕੇ ਹਨ। ਅੰਮ੍ਰਿਤਸਰ ਦੇ ਦੁੱਖ ਨਿਵਾਰਣ ਹਸਪਤਾਲ ’ਚ ਉਹ ਆਪਣੀਆਂ ਸੇਵਾਵਾਂ ਬੀਤੇ ਕੁਝ ਦਿਨਾਂ ਦੌਰਾਨ ਦਿੰਦੇ ਰਹੇ ਹਨ। ਇੱਥੇ ਉਹ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਤੇ ਦੇਖਭਾਲ ਬਿਲਕੁਲ ਉਸੇ ਤਰੀਕੇ ਕਰਦੇ ਰਹੇ, ਜਿਵੇਂ ਕਿ ਨਿਊਯਾਰਕ ਦੇ ਹਸਪਤਾਲਾਂ ’ਚ ਹੁੰਦਾ ਹੈ। ਉਹ ਇਸ ਵਰ੍ਹੇ 1 ਅਪ੍ਰੈਲ ਨੂੰ ਨਿਊ ਯਾਰਕ ਤੋਂ ਭਾਰਤ ਪਰਤੇ ਸਨ; ਤਦ ਤੋਂ ਹੀ ਉਹ ਦਿਨ-ਰਾਤ ਕੋਵਿਡ-19 ਮਰੀਜ਼ਾਂ ਦੀ ਸੇਵਾ ਵਿੱਚ ਹੀ ਲੱਗੇ ਹੋਏ ਹਨ।