ਚੰਡੀਗੜ੍ਹ: ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਸਬੰਧੀ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਐਨਆਈਏ ਨੇ ਦਾਅਵਾ ਕੀਤਾ ਹੈ ਕਿ ਸੰਧੂ ਦੇ ਕਤਲ ਦੀ ਸਾਜਿਸ਼ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖੀ ਲਖਵੀਰ ਸਿੰਘ ਰੋਡੇ ਨੇ ਘੜੀ ਸੀ। ਕੇਂਦਰੀ ਏਜੰਸੀ ਮੁਤਾਬਕ ਸੰਧੂ ਦਾ ਕਤਲ ਲੋਕਾਂ, ਖਾਸ ਕਰਕੇ ਖਾਲਿਸਤਾਨੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ।
ਐਨਆਈਏ ਅਧਿਕਾਰੀ ਮੁਤਾਬਕ ਹੱਤਿਆ ਦੀ ਸਾਜ਼ਿਸ਼ ਸਰਹੱਦ ਪਾਰੋਂ ਪਾਕਿਸਤਾਨ ਅਧਾਰਿਤ ਕੇਐਲਐਫ ਦੇ ਮੁਖੀ ਲਖਵੀਰ ਸਿੰਘ ਰੋਡੇ ਵੱਲੋਂ ਘੜੀ ਗਈ ਸੀ ਤੇ ਵਿਦੇਸ਼ ਬੈਠੇ ਕੇਐਲਐਫ ਮੈਂਬਰਾਂ ਨੇ ਹੱਤਿਆ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਹਥਿਆਰ ਤੇ ਫੰਡ ਮੁਹੱਈਆ ਕਰਵਾਏ ਸਨ। ਸਥਾਨਕ ਗੈਂਗਸਟਰ ਸੁਖਮੀਤ ਪਾਲ ਸਿੰਘ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਦੱਸ ਦਈਏ ਕਿ ਕੌਮੀ ਜਾਂਚ ਏਜੰਸੀ ਨੇ ਬਲਵਿੰਦਰ ਸੰਧੂ ਦੀ ਹੱਤਿਆ ’ਚ ਸ਼ਮੂਲੀਅਤ ਲਈ ਪਾਬੰਦੀਸ਼ੁਦਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਅੱਠ ਮੈਂਬਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਪੰਜਾਬ ਵਿੱਚ ਅਤਿਵਾਦ ਦੀ ਸਿਖਰ ਦੌਰਾਨ ਦਹਿਸ਼ਤਗਰਦਾਂ ਖ਼ਿਲਾਫ਼ ਖੁੱਲ੍ਹ ਕੇ ਲੜਨ ਵਾਲੇ ਸੰਧੂ ਦੀ ਪਿਛਲੇ ਸਾਲ ਅਕਤੂਬਰ ਵਿੱਚ ਤਰਨ ਤਾਰਨ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੁਹਾਲੀ ਦੀ ਵਿਸ਼ੇਸ਼ ਐਨਆਈਏ ਕੋਰਟ ਵਿੱਚ ਦਾਖ਼ਲ ਦੋਸ਼ਪੱਤਰ ਵਿੱਚ ਆਈਪੀਸੀ, ਆਰਮਜ਼ ਐਕਟ ਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਦੀਆਂ ਵੱਖ ਵੱਖ ਧਾਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐਨਆਈਏ ਅਧਿਕਾਰੀ ਨੇ ਕਿਹਾ ਕਿ ਦੋਸ਼ ਪੱਤਰ ਵਿੱਚ ਤਰਨ ਤਾਰਨ ਦੇ ਇੰਦਰਜੀਤ ਸਿੰਘ, ਗੁਰਦਾਸਪੁਰ ਦੇ ਸੁਖਦੀਪ ਸਿੰਘ, ਗੁਰਜੀਤ ਸਿੰਘ ਤੇ ਸੁਖਮੀਤ ਪਾਲ ਸਿੰਘ ਅਤੇ ਲੁਧਿਆਣਾ ਦੇ ਰਵਿੰਦਰ ਸਿੰਘ, ਅਕਾਸ਼ਦੀਪ ਅਰੋੜਾ ਤੇ ਜਗਰੂਪ ਸਿੰਘ ਦੇ ਨਾਮ ਸ਼ਾਮਲ ਹਨ। ਦੋ ਅਣਪਛਾਤਿਆਂ ਨੇ ਸੰਧੂ ਨੂੰ ਤਰਨ ਤਾਰਨ ਦੇ ਝਬਾਲ ਵਿੱਚ ਉਸ ਦੀ ਰਿਹਾਇਸ਼ ਕਮ ਸਕੂਲ ਵਿੱਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।