ਜਲੰਧਰ: ਸੋਸ਼ਲ ਮੀਡੀਆ ਉੱਪਰ ਵਾਇਰਲ ਜਲੰਧਰ ਦੀ ਇੱਕ ਵੀਡੀਓ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ-ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਇੱਕ ਸ਼ਖਸ ਇਕੱਲਾ ਹੀ ਆਪਣੀ 11 ਸਾਲਾ ਧੀ ਦੀ ਲਾਸ਼ ਨੂੰ ਮੋਢੇ ਉੱਪਰ ਚੱਕ ਸ਼ਮਸ਼ਾਨਘਾਟ ਲੈ ਕੇ ਜਾ ਰਿਹਾ ਹੈ। ਇਸ ਸ਼ਖਸ ਨੂੰ ਇਹ ਸਭ ਇਸ ਲਈ ਕਰਨਾ ਪਿਆ ਕਿਉਂਕਿ ਉਸ ਦੇ ਭਾਰਾਵਾਂ ਨੇ ਵੀ ਅਰਥੀ ਨੂੰ ਮੋਢਾ ਦੇਣ ਤੋਂ ਇਨਕਾਰ ਕਰ ਦਿੱਤਾ।


 


ਵੀਡੀਓ ਵਾਇਰਲ ਹੋਣ ਮਗਰੋਂ ਸਰਕਾਰ ਤੇ ਪ੍ਰਸ਼ਾਸਨ ਉੱਪਰ ਵੀ ਸਵਾਲ ਉੱਠ ਰਹੇ ਹਨ। ਇਸ ਬਾਰੇ ਜਲੰਧਰ ਦੀ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (ਸੀਪੀਟੀਓ) ਨਵਨੀਤ ਕੌਰ ਬੱਲ ਦਾ ਕਹਿਣਾ ਹੈ ਕਿ ਨਾ ਤਾਂ ਪੀੜਤ ਪਰਿਵਾਰ ਦਾ ਕੋਈ ਮੈਂਬਰ ਤੇ ਨਾ ਹੀ ਉਸ ਇਲਾਕੇ ਵਿੱਚੋਂ ਕਿਸੇ ਹੋਰ ਨੇ ਸਸਕਾਰ ਕਰਨ ਲਈ ਮਦਦ ਮੰਗੀ।


 


ਉਧਰ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ 11 ਸਾਲਾ ਲੜਕੀ ਦੀ ਮੌਤ ਕਰੋਨਾ ਕਰਕੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਐਸਡੀਐਮ ਕੋਲੋਂ ਜਾਂਚ ਕਰਵਾਈ ਹੈ। ਇਸ ਤੋਂ ਪਤਾ ਲੱਗਾ ਕਿ ਮੌਤ ਦਾ ਕਾਰਨ ਕਰੋਨਾ ਨਹੀਂ। ਲਾਸ਼ ਦੀ ਸਪੁਰਦਗੀ ਵੇਲੇ ਵੀ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸ ਵਿੱਚ ਸੋਨੂੰ ਨੂੰ ਅੰਤੜੀਆਂ ਦੇ ਰੋਗ ਤੋਂ ਪੀੜਤ ਦੱਸਿਆ ਗਿਆ ਹੈ। ਇਸ ਘਟਨਾ ਨੇ ਸਮਾਜ ਦੀ ਲਾਪ੍ਰਵਾਹੀ ਤੇ ਕਰੋਨਾ ਦੇ ਡਰ ਨੂੰ ਇੱਕ ਵਾਰ ਫਿਰ ਉਭਾਰ ਕੇ ਸਾਹਮਣੇ ਲਿਆਂਦਾ ਹੈ।


 


ਦੱਸ ਦਈਏ ਕਿ ਮ੍ਰਿਤਕ ਸੋਨੂੰ ਦਾ ਪਿਤਾ ਦਲੀਪ ਇੱਥੋਂ ਦੇ ਰਾਮਨਗਰ ਮੁਹੱਲੇ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਪੀੜਤ ਦਲੀਪ ਨੇ ਦੱਸਿਆ ਕਿ ਉਸ ਦੇ ਭਰਾਵਾਂ ਨੇ ਕਿਹਾ ਕਿ ਲਾਸ਼ ਲਿਜਾਣ ਲਈ ਉਹ ਮਦਦ ਨਹੀਂ ਕਰ ਸਕਦੇ। ਅਸ ਲਈ ਉਹ ਆਪਣੇ ਮੁੰਡੇ ਨੂੰ ਹੀ ਨਾਲ ਲੈ ਜਾਵੇ। ਭਰਾਵਾਂ ਨੇ ਕਿਹਾ ਕਿ ਉਹ ਲਾਸ਼ ਨੂੰ ਹੱਥ ਨਹੀਂ ਲਾਉਣਗੇ ਪਰ ਉਹ ਸ਼ਮਸ਼ਾਨਘਾਟ ਪਿੱਛੇ-ਪਿੱਛੇ ਆਉਣਗੇ।


 


ਮੂਲ ਰੂਪ ਵਿੱਚ ਉੜੀਸਾ ਦੇ ਰਹਿਣ ਵਾਲੇ ਦਲੀਪ ਦੀ ਧੀ ਸੋਨੂੰ ਦੀ ਮੌਤ ਬੀਤੇ ਦਿਨੀਂ 9 ਮਈ ਹੋ ਗਈ ਸੀ। ਉਹ ਬੜੀ ਮੁਸ਼ਕਲ ਨਾਲ ਰਾਤ ਨੂੰ ਡੇਢ ਵਜੇ ਜਲੰਧਰ ਪਹੁੰਚਿਆ ਸੀ। ਅੰਮ੍ਰਿਤਸਰ ਤੋਂ ਜਲੰਧਰ ਵਾਸਤੇ ਐਂਬੂਲੈਂਸ ਵਾਲਾ ਚਾਰ ਹਜ਼ਾਰ ਰੁਪਏ ਮੰਗ ਰਿਹਾ ਸੀ। ਉਸ ਨੇ ਕਿਸੇ ਤਰ੍ਹਾਂ ਢਾਈ ਹਜ਼ਾਰ ਦਾ ਪ੍ਰਬੰਧ ਕਰਕੇ ਆਪਣੀ ਧੀ ਦੀ ਲਾਸ਼ ਜਲੰਧਰ ਲਿਆਂਦੀ। ਉਸ ਦੇ ਇਲਾਜ ’ਤੇ ਪਹਿਲਾਂ ਹੀ 20 ਹਜ਼ਾਰ ਦੀ ਰਕਮ ਖਰਚ ਹੋ ਗਈ ਸੀ।


 


ਦਲੀਪ ਦਾ ਕਹਿਣਾ ਸੀ ਕਿ ਕਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਉਸ ਨੂੰ ਆਪਣੀ ਧੀ ਦੀ ਲਾਸ਼ ਆਪਣੇ ਘਰ ਲਿਆਉਣ ਲਈ ਮਜਬੂਰ ਹੋਣਾ ਪਿਆ ਸੀ। ਦਲੀਪ ਨੇ ਦੱਸਿਆ ਕਿ ਕਰੋਨਾ ਦੇ ਲੱਛਣ ਹੋਣ ਦੇ ਡਰ ਕਾਰਨ ਕਿਸੇ ਨੇ ਵੀ ਉਸ ਦੀ ਧੀ ਦੀ ਅਰਥੀ ਨੂੰ ਮੋਢਾ ਨਹੀਂ ਦਿੱਤਾ ਤਾਂ ਉਹ ਸ਼ਮਸ਼ਾਨਘਾਟ ਤੱਕ ਆਪਣੇ ਮੋਢਿਆਂ ’ਤੇ ਹੀ ਲਾਸ਼ ਚੁੱਕ ਕੇ ਲੈ ਗਿਆ। ਇਸ ਸਬੰਧੀ ਵਾਇਰਲ ਹੋਈ ਵੀਡੀਓ ’ਚ ਪਿੱਛੇ ਤੁਰ ਰਿਹਾ ਲੜਕਾ ਮ੍ਰਿਤਕਾ ਸੋਨੂੰ ਦਾ ਭਰਾ ਸ਼ੰਕਰ ਹੈ।