ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਮਤਾ ਪਾਸ ਕਰਨ ਵਾਲੇ ਕੇਰਲਾ ਤੋਂ ਬਾਅਦ ਪੰਜਾਬ ਦੂਜਾ ਸੂਬਾ ਬਣ ਗਿਆ ਹੈ। ਦੱਸ ਦਈਏ ਕਿ 16 ਤੇ 17 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾਇਆ ਗਿਆ ਸੀ ਜਿਸ ਦਾ ਪਹਿਲਾ ਦਿਨ ਤਾਂ ਹੰਗਾਮੇ ਦੀ ਭੇਟ ਚੜ੍ਹ ਗਿਆ ਪਰ ਦੂਜੇ ਦਿਨ ਅਸੈਂਬਲੀ 'ਚ ਸੀਏਏ ਖਿਲਾਫ ਮਤਾ ਪਾਸ ਕੀਤਾ ਗਿਆ।


ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਏ ਦੇਸ਼ ਦੇ ਪ੍ਰਦਰਸ਼ਨ '15 ਤੋਂ ਜ਼ਿਆਦਾ ਲੋਕਾਂ ਨੂੰ ਯੂਪੀ 'ਚ ਮਾਰ ਦਿੱਤਾ ਗਿਆ। ਜੇਐਨਯੂ 'ਚ ਹਮਲਾ ਹੋਇਆ। ਕੇਂਦਰ ਸਰਕਾਰ ਤੋਂ ਸਵਾਲ ਪੁੱਛਦੇ ਉਨ੍ਹਾਂ ਕਿਹਾ ਕਿ ਆਖਰ ਦੇਸ਼ 'ਚ ਕੀ ਹੋ ਰਿਹਾ ਹੈ? ਅਜਿਹਾ ਕੁਝ ਯੂਰਪ 'ਚ ਹੋਇਆ ਸੀ ਪਰ ਅਸੀਂ ਉਸ ਤੋਂ ਕੀ ਕੁਝ ਸਿੱਖਿਆ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੇਸ਼ 'ਚ ਆਖਰ ਚੱਲ ਕੀ ਰਿਹਾ ਹੈ, ਇਸ ਦੇਸ਼ ਦੀ ਨੀਂਹ ਸੈਕੂਲਰ ਹੈ। ਜੇਕਰ ਨੀਂਹ 'ਚ ਇੱਕ ਇੱਟ ਵੀ ਨਿਕਲਦੀ ਹੈ ਤਾਂ ਥੋੜ੍ਹੀ ਜਿਹੀ ਹਨ੍ਹੇਰੀ ਨਾਲ ਇਮਾਰਤ ਡਿੱਗ ਜਾਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸੈਕੂਲਰ ਫੈਬਰਿਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੈਪਟਨ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਖੁਦ ਕਦੇ ਹਿੰਦੂ, ਮੁਸਲਿਮ ਜਾਂ ਦਲਿਤ ਬਾਰੇ ਫਰਕ ਨਹੀਂ ਕੀਤਾ ਸੀ। ਅਸੀਂ ਤਾਂ ਸਭ ਨਾਲ ਖੇਡਦੇ ਸੀ। ਅੱਜ ਜੋ ਵੀ ਹੋ ਰਿਹਾ ਹੈ, ਸ਼ਰਮ ਦੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਅਕਾਲੀ ਦਲ ਬਾਹਰ ਕੁਝ ਬੋਲਦੇ ਹਨ ਤੇ ਅੰਦਰ ਕੁਝ ਬੋਲਦੇ ਹਨ।