ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਚੋਣ ਰਣਨੀਤੀਕਾਰ ਸੁਨੀਲ ਕੋਨੋਗੋਲੂ ਨੂੰ ਨਿਯੁਕਤ ਕੀਤਾ ਹੈ। ਸੁਨੀਲ ਦੀ ਟੀਮ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਟੱਕਰ ਦੇਵੇਗੀ। ਦਿਲਚਸਪ ਹੈ ਕਿ ਸੁਨੀਲ ਕਾਂਗਰਸ ਦੇ ਰਣਨੀਤੀਕਾਰ ਪੀਕੇ ਦਾ ਪੁਰਾਣਾ ਸਾਥੀ ਹੀ ਹੈ। ਸੁਨੀਲ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦੀ ਹੀ ਉਨ੍ਹਾਂ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦੀ ਯੋਜਨਾਬੰਦੀ ਅਨੁਸਾਰ ਅਕਾਲੀ ਦਲ ਚੋਣਾਂ ਲੜਨ ਲਈ ਰਸਮੀ ਐਲਾਨ ਕਰ ਸਕਦਾ ਹੈ।


 


ਦੱਸ ਦਈਏ ਕਿ ਪਿਛਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਘੱਟ ਸੀਟਾਂ ਮਿਲੀਆਂ ਸਨ। ਇਸ ਲਈ ਇਸ ਨੇ ਪਹਿਲਾਂ ਬਸਪਾ ਨਾਲ ਗੱਠਜੋੜ ਕੀਤਾ। ਹੁਣ ਇਸ ਨੇ ਇੱਕ ਰਣਨੀਤੀਕਾਰ ਨੂੰ ਹਾਇਰ ਕਰਕੇ ਉਮੀਦਵਾਰਾਂ ਲਈ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ।


 


ਸੁਨੀਲ ਦੇ ਪਿਛੋਤੜ ਬਾਰੇ ਵੇਖਿਆ ਜਾਵੇ ਤਾਂ ਉਹ ਕਰਨਾਟਕ ਦਾ ਵਸਨੀਕ ਹੈ, ਪਰ ਉਸ ਦਾ ਪਾਲਣ-ਪੋਸ਼ਣ ਚੇਨਈ ਵਿੱਚ ਹੋਇਆ। ਹਾਲਾਂਕਿ ਸੁਨੀਲ ਨੇ ਅੱਜ ਤੱਕ ਆਪਣੇ ਆਪ ਨੂੰ ਇੱਕ ਲੋਅ ਪ੍ਰੋਫਾਈਲ ਰੱਖਿਆ ਹੈ, ਉਨ੍ਹਾਂ ਦਾ ਰਾਜਨੀਤਕ ਹਲਕਿਆਂ ਵਿੱਚ ਚੰਗਾ ਖਾਸਾ ਨਾਂ ਹੈ। ਪਹਿਲਾਂ ਸੁਨੀਲ ਤੇ ਪ੍ਰਸ਼ਾਂਤ ਕਿਸ਼ੋਰ ਦੋਵਾਂ ਨੇ ਨਰਿੰਦਰ ਮੋਦੀ ਨਾਲ ਭਾਜਪਾ ਲਈ ਕੰਮ ਕੀਤਾ। ਸੁਨੀਲ ਨੇ ਐਸੋਸੀਏਸ਼ਨ ਆਫ ਬਿਲੀਅਨ ਮਾਈਂਡਜ਼ (ਏਬੀਐਮ) ਦੇ ਅਧੀਨ ਪਾਰਟੀ ਲਈ ਕੰਮ ਕੀਤਾ।


 


ਉਨ੍ਹਾਂ ਦੀ ਮੁਹਾਰਤ ਨੇ ਭਾਜਪਾ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਚੋਣ ਮੁਹਿੰਮਾਂ ਵਿੱਚ ਚੋਣ ਸਫਲਤਾ ਹਾਸਲ ਕਰਨ ਵਿੱਚ ਸਹਾਇਤਾ ਕੀਤੀ। ਬਾਅਦ ਵਿੱਚ, ਉਸ ਨੇ ਸਾਲ 2016 ਵਿੱਚ ਡੀਐਮਕੇ ਵਿਧਾਨ ਸਭਾ ਚੋਣ ਮੁਹਿੰਮ ਚਲਾਈ ਤੇ ਡੀਐਮਕੇ ਦੇ ਮੁਖੀ ਐਮਕੇ ਸਟਾਲਿਨ ਨੂੰ “ਨਮੱਕੂ ਨਾਮ” (ਅਸੀਂ ਆਪਣੇ ਲਈ) ਮੁਹਿੰਮ ਚਲਾ ਕੇ ਜਿੱਤੀ ਤੇ ਉਹ ਮੁੱਖ ਮੰਤਰੀ ਬਣਨ ਦੇ ਯੋਗ ਹੋ ਗਏ ਸੀ।


ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਲਈ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਰਾਜਨੀਤਕ ਸਲਾਹਕਾਰ ਨਿਯੁਕਤ ਕਰ ਚੁੱਕੇ ਹਨ। ਪ੍ਰਸ਼ਾਂਤ ਨੇ ਹੁਣ ਤੱਕ ਭਾਜਪਾ ਤੇ ਆਮ ਆਦਮੀ ਪਾਰਟੀ ਲਈ ਚੋਣ ਰਣਨੀਤੀ ਬਣਾਈ ਹੈ ਤੇ ਉਨ੍ਹਾਂ ਨੂੰ ਜਿਤਾਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਕ ਵਾਰ ਪ੍ਰਸ਼ਾਂਤ ਕਿਸ਼ੋਰ ਤੇ ਸੁਨੀਲ ਕੋਨੋਗੋਲੂ ਇਕੱਠੇ ਕੰਮ ਕਰ ਚੁੱਕੇ ਹਨ, ਇਸ ਲਈ ਅਕਾਲੀ-ਬਸਪਾ ਨੇ ਸੁਨੀਲ ਕੋਨੋਗਾਲੂ ਨੂੰ ਆਪਣੇ ਨਾਲ ਲੈ ਲਿਆ, ਤਾਂ ਕਿ ਚੋਣ ਯੋਜਨਾਬੰਦੀ ਵਿਚ ਕੋਈ ਕਮੀ ਨਾ ਰਹੇ।