ਅੰਮ੍ਰਿਤਸਰ: ਯੂਥ ਅਕਾਲੀ ਦਲ ਵੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਜੋਧ ਸਿੰਘ ਸਮਰਾ ਦੀ ਅਗਵਾਈ ਵਿੱਚ ਕੀਤਾ ਗਿਆ।

ਇਸ ਰੋਸ ਪ੍ਰਦਰਸ਼ਨ ਮੌਕੇ ਯੂਥ ਅਕਾਲੀ ਆਗੂਆਂ ਦੀ ਬੈਰੀਕੇਡ ਪਾਰ ਕਰਕੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਵੱਲੋਂ ਜਾਣ ਸਮੇਂ ਪੁਲਿਸ ਨਾਲ ਝੜਪ ਵੀ ਹੋਈ। ਪ੍ਰਦਰਸ਼ਨਕਾਰੀ ਕੁੰਵਰ 'ਤੇ ਆਪਣੇ ਇੱਕ ਖ਼ਾਸ ਰਾਜਨੀਤਕ ਆਗੂ ਤੇ ਮੈਡੀਕਲ ਨਸ਼ਿਆਂ 'ਚ ਫਸੇ ਰਾਜੀਵ ਭਗਤ ਦੀ ਪੁਸ਼ਤ ਪਨਾਹੀ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕਰ ਰਹੇ ਸਨ।

ਕੁੰਵਰ ਵਿਜੈ ਪ੍ਰਤਾਪ ਦੇ ਘਰ ਦਾ ਘਿਰਾਓ ਕਰਨ ਪੁੱਜੇ ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਪੁਲਿਸ ਨੇ ਜੋਧ ਸਿੰਘ ਸਮਰਾ, ਗੁਰਪ੍ਰਤਾਪ ਟਿੱਕਾ ਤੇ ਗੌਰਵ ਵਲਟੋਹਾ ਨੂੰ ਹਿਰਾਸਤ ਵਿੱਚ ਲੈ ਕੇ ਕੰਪਨੀ ਬਾਗ ਨੇੜੇ ਛੱਡ ਦਿੱਤਾ।