ਮੁੰਬਈ: ਇੱਕ ਵੀਡੀਓ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਉਸ ਵਿੱਚ ਸ਼ਿਵ ਸੈਨਾ ਆਗੂ ਨਿਤਿਨ ਨੰਦਗਾਓਂਕਰ ਨੂੰ ਮੁੰਬਈ ਦੇ ਬਾਂਦਰਾ ਪੱਛਮੀ ਇਲਾਕੇ ਵਿੱਚ ‘ਕਰਾਚੀ ਸਵੀਟਸ’ ਦੇ ਮਾਲਕ ਨੂੰ ਦੁਕਾਨ ਦਾ ਨਾਂ ਬਦਲਣ ਨੂੰ ਆਖਦਿਆਂ ਵੇਖਿਆ ਜਾ ਰਿਹਾ ਹੈ। ਸ਼ਿਵ ਸੈਨਾ ਆਗੂ ਨੇ ਦੁਕਾਨ ਦੇ ਮਾਲਕ ਨੂੰ ਕਿਹਾ ਕਿ ਤੁਹਾਨੂੰ ਇਹ ਕਰਨਾ ਹੋਵੇਗਾ ਤੇ ਅਸੀਂ ਤੁਹਾਨੂੰ ਇਸ ਲਈ ਸਮਾਂ ਦੇ ਰਹੇ ਹਾਂ।


ਨਿਤਿਨ ਨੰਦਗਾਓਂਕਰ ਨੇ ਕਿਹਾ, ‘ਤੁਸੀਂ ਕਰਾਚੀ ਤੋਂ ਆਏ ਸੀ ਪਰ ਤੁਸੀਂ ਹੁਣ ਮੁੰਬਈ ’ਚ ਹੋ। ਹੁਣ ਇੱਕ ਗੱਲ ਸਪੱਸ਼ਟ ਹੈ, ਮੈਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ। ਤੁਸੀਂ ਭਾਵੇਂ ਹਿੰਦੂ ਹੋ, ਮੁਸਲਿਮ ਹੋ ਜਾਂ ਕੁਝ ਵੀ ਪਰ ਮੁੰਬਈ ’ਚ ‘ਕਰਾਚੀ’ ਨਾਂ ਨਾ ਵਰਤੋ। ਇਸ ਨਾਂ ਦਾ ਮਤਲਬ ਹੈ ਕਿ ਤੁਸੀਂ ਪਾਕਿਸਤਾਨ ਤੋਂ ਆਏ ਹੋ। ਤੁਹਾਡੇ ਪੁਰਖੇ ਕਰਾਚੀ ਤੋਂ ਸਨ ਤੇ ਵੰਡ ਤੋਂ ਬਾਅਦ ਤੁਸੀਂ ਇੱਥੇ ਆਏ। ਤੁਹਾਡਾ ਇੱਥੇ ਕਾਰੋਬਾਰ ਕਰਨ ਲਈ ਸੁਆਗਤ ਹੈ ਪਰ ਕ੍ਰਿਪਾ ਕਰਕੇ ਇਸ ਨਾਂ ਦੀ ਵਰਤੋਂ ਨਾ ਕਰੋ।’







ਉਨ੍ਹਾਂ ਕਿਹਾ ਕਿ ਸਾਨੂੰ ਕਰਾਚੀ ਤੋਂ ਸਮੱਸਿਆ ਹੈ। ਭਾਈ ਦੂਜ ਮੌਕੇ ਸਾਡੇ ਫ਼ੌਜੀਆਂ ਨੂੰ ਪਾਕਿਸਤਾਨ ਨੇ ਸ਼ਹੀਦ ਕਰ ਦਿੱਤਾ ਹੈ। ‘ਜੇ ਤੁਸੀਂ ਇਸ ਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਹੈ, ਤਾਂ ਉਸ ਨੂੰ ਰੱਦ ਕਰ ਦੇਵੋ, ਮੈਨੂੰ ਕਰਾਚੀ ਨਾਮ ਤੋਂ ਨਫ਼ਰਤ ਹੈ ਕਿਉਂਕਿ ਉਹ ਅੱਤਵਾਦੀਆਂ ਦਾ ਦੇਸ਼ ਹੈ। BMC ਜਾਓ ਤੇ ਇਸ ਨੂੰ ਬਦਲ ਦੇਵੋ।’


ਵੀਡੀਓ ’ਚ ‘ਕਰਾਚੀ ਸਵੀਟਸ’ ਦੇ ਮਾਲਕ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਵੇਖਿਆ ਜਾ ਸਕਦਾ ਹੈ। ਸ਼ਿਵ ਸੈਨਾ ਆਗੂ ਇਹ ਵੀ ਆਖਦਾ ਹੈ ਕਿ ਜੇ ਤੁਸੀਂ ਇਸ ਦਾ ਨਾਂਅ ਬਦਲ ਦਿੰਦੇ ਹੋ, ਤਾਂ ਮੈਂ ਖ਼ੁਦ ਆਵਾਂਗਾ ਤੇ ਤੁਹਾਡੇ ਕੋਲੋਂ ਖਾਣਾ ਖ਼ਰੀਦਾਂਗਾ।