ਨਵੀਂ ਦਿੱਲੀ: ‘ਜੀਹਨੂੰ ਰੱਬ ਰੱਖੇ ਉਹਨੂੰ ਮਾਰੇ ਕੌਣ’ ਦੀ ਕਹਾਵਤ ਬਿਲਕੁਲ ਸੱਚੀ ਸਿੱਧ ਹੋਈ ਹੈ। ਟਵਿਟਰ ’ਤੇ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਵੀਡੀਓ ’ਚ ਇੱਕ ਔਰਤ ਮੌਤ ਨੂੰ ਛੋਹ ਕੇ ਵਾਪਸ ਸਹੀ ਸਲਾਮਤ ਪਰਤਦੀ ਦਿਸ ਰਹੀ ਹੈ। ਵੀਡੀਓ ’ਚ ਇੱਕ ਔਰਤ ਅਚਾਨਕ ਚੱਲਦੀ ਟ੍ਰੇਨ ਦੇ ਹੇਠਾਂ ਫਸ ਜਾਂਦੀ ਹੈ ਤੇ ਆਪਣੀ ਸੂਝਬੂਝ ਨਾਲ ਰੇਲਵੇ ਟ੍ਰੈਕ ਉੱਤੇ ਪੈ ਕੇ ਆਪਣੀ ਜਾਨ ਬਚਾ ਲੈਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ। ਇਹ ਘਟਨਾ ਹਰਿਆਣਾ ਦੇ ਰੋਹਤਕ ਦੀ ਹੈ। ਇਸ ਨੂੰ ਖ਼ਬਰ ਏਜੰਸੀ ਏਐਨਆਈ ਨੇ ਟਵਿਟਰ ’ਤੇ ਸ਼ੇਅਰ ਕੀਤਾ ਹੈ।
ਏਐਨਆਈ ਅਨੁਸਾਰ ਰੇਲ ਗੱਡੀ ਪਹਿਲਾਂ ਸਟੈਂਡ ਬਾਇ ’ਤੇ ਸੀ ਸਿਗਨਲ ਦੀ ਉਡੀਕ ਕਰ ਰਹੀ ਸੀ। ਤਦ ਹੀ ਇੱਕ ਔਰਤ ਨੇ ਇਸ ਦੇ ਹੇਠਾਂ ਦੀ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਟ੍ਰੇਨ ਅਚਾਨਕ ਚੱਲ ਪਈ ਤੇ ਉਹ ਔਰਤ ਹੇਠਾਂ ਫਸ ਗਈ ਪਰ ਉਹ ਛੇਤੀ ਦੇਣੇ ਹੇਠਾਂ ਪੈ ਗਈ ਤੇ ਇੰਝ ਉਸ ਦੀ ਜਾਨ ਬਚ ਗਈ। ਬਾਅਦ ’ਚ ਲੋਕਾਂ ਨੇ ਉਸ ਔਰਤ ਨੂੰ ਉੱਠਣ ਵਿੱਚ ਮਦਦ ਕੀਤੀ।
ਇਸ ਵੀਡੀਓ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਕੁਝ ਨੇ ਉਸ ਔਰਤ ਦੇ ਬਚਣ ’ਤੇ ਖ਼ੁਸ਼ੀ ਪ੍ਰਗਟਾਈ ਹੈ ਤੇ ਕੁਝ ਨੇ ਉਸ ਦੀ ਲਾਪਰਵਾਹੀ ਦੀ ਆਲੋਚਨਾ ਵੀ ਕੀਤੀ ਹੈ।