Sikh Stopped in Metro With Kirpan: ਦਿੱਲੀ ਦੇ ਮੈਟਰੋ ਸਟੇਸ਼ਨ ਦੇ ਅੰਦਰ ਸਿੱਖ ਵਿਅਕਤੀ ਨੂੰ ਕਥਿਤ ਤੌਰ 'ਤੇ ਕਿਰਪਾਨ ਨਾਲ ਰੋਕਿਆ ਗਿਆ। ਕੌਮੀ ਘੱਟ ਗਿਣਤੀ ਕਮਿਸ਼ਨ (NCM) ਨੇ ਮੈਟਰੋ ਸਟੇਸ਼ਨ ਦੇ ਅੰਦਰ ਕਿਰਪਾਨ ਨਾਲ ਰੋਕੇ ਜਾਣ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ DMRC ਦੇ ਚੇਅਰਮੈਨ ਦੇ ਨਾਲ-ਨਾਲ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ।


ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਨੇ ਇੱਕ ਸਿੱਖ ਦੀ ਸ਼ਿਕਾਇਤ 'ਤੇ ਡੀਐੱਮਆਰਸੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ, ਜਿਸ ਨੂੰ ਕਥਿਤ ਤੌਰ 'ਤੇ ਕਿਰਪਾਨ ਨਾਲ ਮੈਟਰੋ ਸਟੇਸ਼ਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ।


ਕਿਰਪਾਨ ਲੈ ਕੇ ਦਿੱਲੀ ਮੈਟਰੋ ਵਿੱਚ ਜਾਣ ਤੋਂ ਰੋਕਿਆ


ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਨੇ ਵੀ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ(jathedar kewal singh) ਵੱਲੋਂ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਦਵਾਰਕਾ ਸੈਕਟਰ 21 ਮੈਟਰੋ ਸਟੇਸ਼ਨ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਅਤੇ ਕਿਰਪਾਨ ਉਤਾਰਨ ਲਈ ਕਿਹਾ ਗਿਆ।


ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਸਖਤ


ਕਮਿਸ਼ਨ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਰਪਾਨ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ ਅਤੇ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਕਿਰਪਾਨ ਪਹਿਨਣ ਅਤੇ ਰੱਖਣ ਦੀ ਇਜਾਜ਼ਤ ਦਿੰਦੀ ਹੈ। ਇਸ ਘਟਨਾ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਐੱਨਸੀਐੱਮ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ(iqbal singh lalpura) ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਦਿੱਲੀ ਦੇ ਮੁੱਖ ਸਕੱਤਰ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।