ਮਹਿਤਾਬ-ਉਦ-ਦੀਨ

ਚੰਡੀਗੜ੍ਹ/ਐਲਕ ਗ੍ਰੋਵ: ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਦੇ 100ਵੇਂ ਪਾਰਕ ਦਾ ਨਾਂ ਦੋ ਸਵਰਗੀ ਸਿੱਖ ਬਜ਼ੁਰਗਾਂ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇਸ ਪਾਰਕ ਦਾ ਨਾਂ ‘ਸਿੰਘ ਐਂਡ ਕੌਰ ਪਾਰਕ’ ਰੱਖਿਆ ਗਿਆ ਹੈ। ਇਹ ਪਾਰਕ ਉਨ੍ਹਾਂ ਦੋ ਸਿੱਖ ਬਜ਼ੁਰਗਾਂ ਸੁਰਿੰਦਰ ਸਿੰਘ (65) ਤੇ ਗੁਰਮੇਜ ਸਿੰਘ ਅਟਵਾਲ (78) ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਿਨਾ ਵਜ੍ਹਾ 4 ਮਾਰਚ, 2011 ਨੂੰ ਘਾਤ ਲਾ ਕੇ ਕੀਤੇ ਹਮਲੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

 

ਇਹ ਦੋਵੇਂ ਬਜ਼ੁਰਗ ਤਦ ਐਲਕ ਗ੍ਰੋਵ ਦੇ ਈਸਟ ਸਟੌਕਟਨ ਬੂਲੇਵਾਰਡ ’ਚ ਸ਼ਾਮ ਦੀ ਸੈਰ ਲਈ ਘਰੋਂ ਬਾਹਰ ਨਿੱਕਲੇ ਸਨ। ਹੁਣ ਨਗਰ ਕੌਂਸਲ ਨੇ 10 ਸਾਲਾਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਸ਼ਹਿਰ ਦੇ 100ਵੇਂ ਪਾਰਕ ਦਾ ਨਾਂ ‘ਸਿੰਘ ਤੇ ਕੌਰ’ ਰੱਖਿਆ ਹੈ।

 

‘ਸੈਕਬੀਅ’ ਵੱਲੋਂ ਪ੍ਰਕਾਸ਼ਿਤ ਡੈਰੇਲ ਸਮਿੱਥ ਦੀ ਰਿਪੋਰਟ ਅਨੁਸਾਰ ਦੋਵੇਂ ਸਿੱਖ ਬਜ਼ੁਰਗਾਂ ਦਾ ਕਾਤਲ ਸੁਨਹਿਰੀ ਰੰਗੇ ਪਿੱਕਅਪ ਟਰੱਕ ’ਚ ਆਇਆ ਸੀ ਤੇ ਉਸ ਨੇ ਪਹਿਲਾਂ ਦੋਵਾਂ ਨੂੰ ਇੱਕ ਪਾਸੇ ਘੜੀਸਿਆ ਤੇ ਫਿਰ ਸੈਮੀ ਆਟੋਮੈਟਿਕ ਹੈਂਡਗੰਨ ਨਾਲ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ ਸੀ। ਉਹ ਕਾਤਲ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ।

 

ਐਲਕ ਗ੍ਰੋਵ ਦੇ ਮੇਅਰ ਬੌਬੀ ਸਿੰਘ-ਐਲਨ ਨੇ ਕਿਹਾ ਕਿ ਨਿਸ਼ਚਤ ਤੌਰ ’ਤੇ ਇਹ ਇੱਕ ਵੱਡਾ ਦੁਖਾਂਤ ਸੀ। ਦੋਵੇਂ ਸਿੱਖ ਬਜ਼ੁਰਗ ਬਹੁਤ ਸ਼ਾਂਤੀਪੂਰਬਕ ਆਪਣੇ ਰਾਹੇ ਤੁਰੇ ਜਾ ਰਹੇ ਸਨ। ਇੱਥੇ ਦੱਸ ਦੇਈਏ ਕਿ ਬੌਬੀ ਸਿੰਘ-ਐਲਨ ਅਮਰੀਕਾ ਦੇ ਸਿੱਧੇ ਚੁਣੇ ਜਾਣ ਵਾਲੇ ਪਹਿਲੇ ਮੇਅਰ ਹਨ। ਉਨ੍ਹਾਂ ਕਿਹਾ ਕਿ ਇਹ ਨਫ਼ਰਤੀ ਹਿੰਸਾ ਦਾ ਇੱਕ ਭੈੜਾ ਮਾਮਲਾ ਸੀ।

 

ਬੀਤੇ ਮਾਰਚ ਮਹੀਨੇ ਐਲਕ ਗ੍ਰੋਵ ਦੇ ਸਿਟੀ ਹਾਲ ’ਚ ਬੌਬੀ ਸਿੰਘ-ਐਲਨ ਅਤੇ ਹੋਰ ਕਈ ਸਥਾਨਕ ਆਗੂਆਂ ਨੇ ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਅਟਵਾਲ ਦੀ ਯਾਦ ਵਿੱਚ ਪਾਰਕ ਦਾ ਨਾਂਅ ਰੱਖਣ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਹੀ ਨਗਰ ਕੌਂਸਲ ਨੇ ਇਨ੍ਹਾਂ ਦੋਵੇਂ ਕਤਲਾਂ ਦੀ ਨਿੰਦਾ ਦਾ ਮਤਾ ਪਾਸ ਕੀਤਾ ਸੀ।

 

ਕੈਲੀਫ਼ੋਰਨੀਆ ਸੂਬੇ ਦੀ ਸੈਕਰਾਮੈਂਟੋ ਕਾਊਂਟੀ ’ਚ ਐਲਕ ਗ੍ਰੋਵ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵੱਸਦੀ ਹੈ। ਇਸ ਦੌਰਾਨ ਗੁਰਮੇਜ ਸਿੰਘ ਅਟਵਾਲ ਦੇ ਪੁੱਤਰ ਕਮਲਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਹ ਸਿਰਫ਼ ਇਹੋ ਆਖਣਗੇ ਕਿ ਇਹ ਪਾਰਕ ਦੋ ਨਿਰਦੇਸ਼ ਆਤਮਾਵਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਸ਼ਹਿਰ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।