ਨਵੀਂ ਦਿੱਲੀ: ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟੇ ’ਚ ਦੇਸ਼ ਭਰ ’ਚ ਕੋਰੋਨਾ ਦੇ 1,61,736 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਨੇ 879 ਹੋਰ ਲੋਕਾਂ ਦੀ ਜਾਨ ਲੈ ਲਈ। ਉੱਥੇ ਹੀ 97,168 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ।
ਦੇਸ਼ ’ਚ ਹੁਣ ਤਕ ਕੋਰੋਨਾ ਦੇ ਕੁਲ 1,36,89,453 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 12,64,698 ਐਕਟਿਵ ਕੇਸ ਹਨ, ਮਤਲਬ ਉਨ੍ਹਾਂ ਦਾ ਹਸਪਤਾਲ ਜਾਂ ਘਰ ’ਚ ਇਲਾਜ ਚੱਲ ਰਿਹਾ ਹੈ। ਕੋਰੋਨਾ ਕਾਰਨ 1,71,058 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੁਲ 1,22,53,697 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਮਹਾਰਾਸ਼ਟਰ ’ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ
ਮਹਾਰਾਸ਼ਟਰ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 51,751 ਨਵੇਂ ਮਾਮਲੇ ਸਾਹਮਣੇ ਆਏ ਤੇ 258 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਹਤ ਵਿਭਾਗ ਨੇ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਸੂਬੇ ’ਚ ਕੋਰੋਨਾ ਲਾਗ ਦੇ 63,294 ਮਾਮਲੇ ਸਾਹਮਣੇ ਆਏ ਸਨ। ਮਹਾਰਾਸ਼ਟਰ ’ਚ ਕੁੱਲ ਕੇਸਾਂ ਦੀ ਗਿਣਤੀ 34,58,996 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 58,245 ਤੱਕ ਪਹੁੰਚ ਗਈ ਹੈ। ਮਹਾਰਾਸ਼ਟਰ ’ਚ ਹੁਣ 5,64,746 ਮਰੀਜ਼ ਇਲਾਜ ਅਧੀਨ ਹਨ।
ਰਾਜਧਾਨੀ ਦਿੱਲੀ ’ਚ 24 ਘੰਟੇ ’ਚ 11 ਹਜ਼ਾਰ ਤੋਂ ਵੱਧ ਮਰੀਜ਼
ਪਿਛਲੇ 24 ਘੰਟੇ ’ਚ ਦਿੱਲੀ ’ਚ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਵੱਧ 11,491 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 72 ਹੋਰ ਲੋਕਾਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਲਾਗ ਦੀ ਦਰ 12.44 ਫੀਸਦੀ ਹੋ ਗਈ ਹੈ। ਇਕ ਦਿਨ ਪਹਿਲਾਂ ਇਹ 9.43 ਫੀਸਦੀ ਸੀ। ਦਿੱਲੀ ‘ਚ 5 ਦਸੰਬਰ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 5 ਦਸੰਬਰ ਨੂੰ 77 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। 19 ਨਵੰਬਰ ਨੂੰ ਸੰਕਰਮਣ ਕਾਰਨ ਸਭ ਤੋਂ ਵੱਧ 131 ਮੌਤਾਂ ਹੋਈਆਂ ਸਨ।
ਦੇਸ਼ ’ਚ ਕਿੰਨੇ ਲੋਕਾਂ ਨੂੰ ਟੀਕਾ ਲਗਾਇਆ ਗਿਆ
ਕੋਵਿਡ-19 ਟੀਕੇ ਦੀਆਂ 37 ਲੱਖ ਤੋਂ ਵੱਧ ਖੁਰਾਕਾਂ ਸੋਮਵਾਰ ਨੂੰ ਟੀਕਾਕਰਨ ਮੁਹਿੰਮ 'ਟੀਕਾ ਉਤਸਵ' ਦੇ ਦੂਜੇ ਦਿਨ ਦਿੱਤੀਆਂ ਗਈਆਂ, ਜਿਸ ਨਾਲ ਦੇਸ਼ ’ਚ ਹੁਣ ਤਕ ਦਿੱਤੀਆਂ ਗਈਆਂ ਟੀਕੇ ਦੀਆਂ ਕੁਲ ਖੁਰਾਕਾਂ ਦੀ ਗਿਣਤੀ ਵੱਧ ਕੇ 10,82,92,423 ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ 'ਟੀਕਾ ਉਤਸਵ' ਦੇ ਦੂਜੇ ਦਿਨ ਸੋਮਵਾਰ ਰਾਤ 8 ਵਜੇ ਤੱਕ ਟੀਕੇ ਦੀਆਂ 37 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ।