ਦੱਖਣੀ ਅਫਰੀਕਾ: ਦੁਨੀਆ ਭਰ 'ਚ ਭਾਵੇਂ ਕਈ ਦੇਸ਼ਾਂ 'ਚ ਸਮਲਿੰਗੀਆਂ ਨੂੰ ਕਾਨੂੰਨ ਤਹਿਤ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਅਜੇ ਵੀ ਸਮਾਜ 'ਚ ਉਨ੍ਹਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਜਾਰੀ ਹੈ। ਦੱਖਣੀ ਅਫਰੀਕਾ 'ਚ ਇੱਕ ਲੈਸਬੀਅਨ ਜੋੜੇ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਵੈਡਿੰਗ ਵੈਨਿਊ 'ਤੇ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।


ਦੱਖਣੀ ਅਫਰੀਕਾ ਦੀ ਸਾਸ਼ਾ ਲੀ ਹਿਕਸ ਤੇ ਮੇਗਨ ਵਾਟਲਿੰਗ ਨੇ ਫੇਸਬੁੱਕ ਰਾਹੀਂ ਆਪ-ਬੀਤੀ ਦਸੱਦਿਆਂ ਕਿਹਾ ਕਿ ਜਦ ਉਨ੍ਹਾਂ ਵੈਡਿੰਗ ਵੈਨਿਊ ਦੇਖਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਨੂੰ ਵਿਆਹ ਲਈ ਸਹੀ ਜਗ੍ਹਾ ਮਿਲ ਗਈ ਹੈ, ਪਰ ਜਦ ਉਨ੍ਹਾਂ 'ਬੈਲੋਫਟੇਬਸ ਵੈਡਿੰਗ ਵੈਨਿਊ' ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ।

ਇਸ 'ਤੇ ਹੁਣ ਵੱਖ-ਵੱਖ ਲੋਕ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਦੱਖਣੀ ਅਫਰੀਕਾ ਦੇ ਮਨੱਖੀ ਅਧਿਕਾਰ ਕਮਿਸ਼ਨ ਦੇ ਅਧਿਕਾਰੀ ਆਂਦਰੇ ਗੌਮ ਦਾ ਕਹਿਣਾ ਹੈ ਕਿ 'ਬੈਲੋਫਟੇਬਸ' ਵੱਲੋਂ ਲਿਆ ਗਿਆ ਇਹ ਫੈਸਲਾ ਭੇਦ-ਭਾਵ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਦੇ ਨਾਂ 'ਤੇ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ। ਜਦਕਿ 'ਬੈਲੋਫਟੇਬਸ' ਦੇ ਬੁਲਾਰੇ ਤੇ ਇੱਕ ਧਾਰਮਿਕ ਸੰਗਠਨ ਦੇ ਡਾਇਰੈਕਟਰ ਮਾਈਕਲ ਸਵੈਨ ਨੇ ਕਿਹਾ ਕਿ ਇਹ ਬੇਇਨਸਾਫ਼ੀ ਹੋਵੇਗੀ ਜੇਕਰ ਤੁਸੀਂ ਕਿਸੇ ਨੂੰ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਜਾ ਕੇ ਕੁਝ ਕਰਨ ਲਈ ਮਜਬੂਰ ਕੀਤਾ ਗਿਆ।

ਦੱਸ ਦਈਏ ਕਿ ਹਿਕਸ ਅਤੇ ਵਾਟਲਿੰਗ ਕੋਈ ਪਹਿਲਾ ਜੋੜਾ ਨਹੀਂ ਹੈ ਜਿਨ੍ਹਾਂ ਨੂੰ ਵੈਡਿੰਗ ਵੈਨਿਊ ਵਲੋਂ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ 2017 'ਚ ਅਲੈਗਜ਼ੇਂਡਰਾ ਥੋਰਨ ਤੇ ਐਲੈਕਸ ਲੂ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦਾ ਕੇਸ ਫਿਲਹਾਲ ਕੋਰਟ 'ਚ ਚੱਲ ਰਿਹਾ ਹੈ।