ਬਰਨਾਲਾ: ਕਿਸਾਨਾਂ ਨੇ ਪੰਜਾਬ ਬੀਜੇਪੀ ਨੇਤਾ ਹਰਿੰਦਰ ਕਾਹਲੋਂ ਵੱਲੋਂ 'ਕਿਸਾਨਾਂ ਨੂੰ ਡਾਂਗਾਂ ਨਾਲ ਸਿੱਧਾ ਕਰਨ ਦੀ ਜ਼ਰੂਰਤ' ਵਾਲੇ ਬਿਆਨ ਦੀ ਸਖਤ ਨਿਖੇਧੀ ਕੀਤੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 350ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਖਲਾਕੀ ਚੜ੍ਹਤ ਅਤੇ ਵਿਸ਼ਾਲ ਸਮਰਥਨ ਮੂਹਰੇ ਸਰਕਾਰ ਤੇ ਬੀਜੇਪੀ ਬੇਬਸ ਹੋਈ ਦਿਖਾਈ ਦੇ ਰਹੀ ਹੈ।
ਉਨ੍ਹਾਂ ਕਿਹਾ ਬਹੁਤ ਸਮੇਂ ਤੱਕ ਇਸ ਦੇ ਨੇਤਾ 'ਕਾਨੂੰਨ ਚੰਗੇ ਹਨ' ਅਤੇ 'ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ' ਵਾਲਾ ਰਾਗ ਅਲਾਪਦੇ ਰਹੇ। ਪਰ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਸਰਕਾਰੀ ਤੇ ਜਨਤਕ ਮੰਚਾਂ ਉਪਰ ਕਾਨੂੰਨਾਂ ਦੀ ਵਿਆਖਿਆ ਕੀਤੀ ਗਈ, ਸਰਕਾਰ ਉਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਕਾਨੂੰਨਾਂ ਦੀ ਗੈਰ-ਸੰਵਿਧਾਨਕਤਾ ਤੇ ਖਾਮੀਆਂ ਲੋਕਾਈ ਵਿੱਚ ਦਿਨ ਬਦਿਨ ਵਧੇਰੇ ਸਪੱਸ਼ਟ ਹੈ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਬੀਜੇਪੀ ਨੇਤਾ ਭੱਦੀ ਤੇ ਹੋਸ਼ੀ ਸ਼ਬਦਾਵਲੀ ਵਰਤਣ ਅਤੇ ਗਾਲਾਂ/ ਡਾਗਾਂ 'ਤੇ ਉਤਰ ਆਏ ਹਨ।
ਕਿਸਾਨ ਲੀਡਰਾਂ ਨੇ ਕਿਹਾ ਕਿਸਾਨ ਇਨ੍ਹਾਂ ਗਿੱਦੜ- ਭੱਬਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਜਿੱਤ ਹਾਸਲ ਕਰਕੇ ਹੀ ਘਰਾਂ ਨੂੰ ਵਾਪਸ ਮੁੜਨਗੇ। ਬੁਲਾਰਿਆਂ ਨੇ ਧਰਨੇ ਵਿੱਚ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਦੌਰਾਨ ਇਨ੍ਹਾਂ ਜਥਿਆਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਠੋਸ ਵਿਉਂਤਬੰਦੀ ਬਣਾਈ ਗਈ ਹੈ। ਦਿੱਲੀ ਮੋਰਚੇ 'ਚ ਜਾਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਕੱਲ੍ਹ ਹਰਿਆਣਾ ਬੀਜੇਪੀ ਦੇ ਪ੍ਰਧਾਨ ਓਪੀ ਧਨਖੜ ਵੱਲੋਂ ਕਿਸਾਨਾਂ ਨੂੰ ਨਸ਼ੇੜੀ ਕਹੇ ਜਾਣ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ।
ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਥਿਤ ਅਪਮਾਨਜਨਕ ਲਕਬ ਦੇਣ ਦੀ ਝੜੀ ਲਾ ਰੱਖੀ ਹੈ।ਅੰਦੋਲਨਜੀਵੀ, ਮਾਓਵਾਦੀ,ਖਾਲਸਤਾਨੀ, ਦੇਸ਼-ਧਰੋਹੀ, ਟੁਕੜੇ ਟੁਕੜੇ ਗੈਂਗ ਆਦਿ ਤੋਂ ਬਾਅਦ ਹੁਣ ਹਰਿਆਣਾ ਦੇ ਬੀਜੇਪੀ ਪ੍ਰਧਾਨ ਓਪੀ ਧਨਖੜ ਕਿਸਾਨਾਂ ਨੂੰ ਨਸ਼ੇੜੀ ਕਹਿਣ ਦੀ ਹੱਦ ਤੱਕ ਚਲਾ ਗਿਆ। ਕੱਲ੍ਹ ਉਸ ਨੇ ਇੱਕ ਬਿਆਨ 'ਚ ਕਿਹਾ ਕਿ ਕਿਸਾਨ ਅੰਦੋਲਨ ਦੇ ਪ੍ਰਭਾਵ ਵਾਲੇ ਪਿੰਡਾਂ 'ਚ ਨਸ਼ੇ ਦਾ ਸੇਵਨ ਬਹੁਤ ਵਧ ਗਿਆ ਹੈ।