ਗੁਰਦਾਸਪੁਰ: ਅਸ਼ਲੀਲ ਵੀਡੀਓ ਮਾਮਲੇ 'ਚ ਫਸੇ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਦੇਣ ਤੇ ਅੰਮ੍ਰਿਤ ਛਕਾਉਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿਖੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਤੇ ਕਥਾਵਾਚਕ ਹਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ।


ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਗੁਰਦਾਸ ਨੰਗਲ ਵਿਖੇ ਸਥਿਤ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ 'ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਨੇ ਧਾਰਮਿਕ ਸਜ਼ਾ ਸੁਣਾਈ ਤੇ ਅੰਮ੍ਰਿਤ ਛਕਾਇਆ। ਧਾਰਮਿਕ ਸਜ਼ਾ ਦੇ ਰੂਪ ਵਿੱਚ ਉਸ ਨੂੰ 21 ਦਿਨ ਹਰ ਰੋਜ਼ ਇੱਕ ਘੰਟੇ ਲਈ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਝਾੜੂ ਲਗਾਉਣ ਦੀ ਸਜ਼ਾ ਦਿੱਤੀ ਹੈ।




ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਹਾਇਕ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਤੇ ਕਥਾਵਾਚਕ ਹਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਫਲਾਇੰਗ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।




ਦਰਅਸਲ 2017 'ਚ ਸੁੱਚਾ ਸਿੰਘ ਲੰਗਾਹ ਦੀ ਇੱਕ ਵਿਧਵਾ ਔਰਤ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਪੰਥ 'ਚੋਂ ਛੇਕ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਰਟੀ 'ਚੋਂ ਕੱਢ ਦਿੱਤਾ ਸੀ। ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੇ ਜੁਰਮ ਲਈ ਮੁਆਫੀ ਵੀ ਮੰਗੀ ਹੈ ਪਰ ਹੁਣ ਤੱਕ ਉਸ ਨੂੰ ਮੁਆਫੀ ਨਹੀਂ ਮਿਲੀ।