ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਕੇਸ ਵਿੱਚ ਐਸਆਈਟੀ ਸੰਮਨ ਭੇਜਿਆ ਹੈ। ਐਸਆਈਟੀ ਨੇ ਬਾਦਲ ਨੂੰ 26 ਜੂਨ ਨੂੰ ਸੈਕਟਰ 32 ਗੈਸਟ ਹਾਊਸ, ਚੰਡੀਗੜ੍ਹ ਵਿਖੇ ਤਲਬ ਕੀਤਾ ਹੈ।
ਇਸ ਤੋਂ ਪਹਿਲਾਂ ਕੋਟਕਪੂਰਾ ਪੁਲਿਸ ਗੋਲੀਕਾਂਡ ਦੀ ਜਾਂਚ ਕਰ ਰਹੀ ਏਡੀਜੀਪੀ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ 16 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਜਾਰੀ ਕੀਤਾ ਸੀ। ਅਕਤੂਬਰ 2015 ਵਿਚ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਸੀ ਤਾਂ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ।
ਐਸਆਈਟੀ ਨੇ ਇਹ ਪਤਾ ਲਗਾਉਣਾ ਹੈ ਕਿ ਗੋਲੀ ਚਲਾਉਣ ਦੇ ਆਦੇਸ਼ ਕਿਸ ਨੇ ਦਿੱਤੇ ਸੀ, ਕੀ ਪੁਲਿਸ ਨੇ ਸਵੈ-ਰੱਖਿਆ ਵਿਚ ਫਾਇਰਿੰਗ ਕੀਤੀ ਸੀ ਤੇ ਕੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ?
ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ 22 ਜੂਨ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਐਸਆਈਟੀ ਦੀ ਟੀਮ ਸਵੇਰੇ 10:35 ਵਜੇ ਬਾਦਲ ਦੇ ਘਰ ਦਾਖਲ ਹੋਈ ਤੇ 12:55 ਵਜੇ ਬਾਹਰ ਨਿਕਲੀ।
ਐਸਆਈਟੀ ਨੇ ਬਾਦਲ ਦੇ ਸਰਕਾਰੀ ਫਲੈਟ ਵਿੱਚ ਪਹੁੰਚ ਕੇ ਸਵਾਲ ਪੁੱਛੇ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਦੀ ਟੀਮ ਸਾਬਕਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਐਮਐਲਏ ਫਲੈਟ ਵਿੱਚ ਪਹੁੰਚੀ ਸੀ।