ਭਾਗਲਪੁਰ: ਬਿਹਾਰ ’ਚ ਭਾਗਲਪੁਰ ਦੇ ਇੱਕ ਮਹਿਲਾ ਕਾਲਜ ਵਿੱਚ ਤਾਲਿਬਾਨੀ ਫ਼ਰਮਾਨ ਲਾਗੂ ਕੀਤਾ ਗਿਆ ਹੈ। ਮੈਨੇਜਮੈਂਟ ਦੇ ਇਸ ਫੈਸਲੇ ਦਾ ਹੁਣ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਦਰਅਸਲ, ਭਾਗਲਪੁਰ ਦੇ ਵੱਕਾਰੀ ਅਤੇ ਇਕਲੌਤੇ  ਮਹਿਲਾ ਕਾਲਜ ‘ਸੁੰਦਰਵਤੀ ਮਹਿਲਾ ਮਹਾਵਿਦਿਆਲਿਆ’ ਦੇ ਪ੍ਰਿੰਸੀਪਲ ਪ੍ਰੋ. ਡਾ: ਰਮਨ ਸਿਨਹਾ ਨੇ ਵਿਦਿਆਰਥਣਾਂ ਲਈ ਨਵਾਂ ਡ੍ਰੈੱਸ ਕੋਡ ਲਾਗੂ ਕੀਤਾ ਹੈ। ਕਾਲਜ 'ਚ ਵਿਦਿਆਰਥਣਾਂ ਦੇ ਖੁੱਲ੍ਹੇ ਵਾਲਾਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਕਾਲਜ ਦੇ ਵਿਹੜੇ ਦੇ ਅੰਦਰ ਸੈਲਫ਼ੀ ਲੈਣ ਦੀ ਮਨਾਹੀ ਹੋਵੇਗੀ।


 

ਜਾਰੀ ਕੀਤੇ ਗਏ ਡ੍ਰੈੱਸ ਕੋਡ ਅਨੁਸਾਰ, ਵਿਦਿਆਰਥਣਾਂ ਨੂੰ ਇੱਕ ਜਾਂ ਦੋ ਗੁੱਤਾਂ ਕਰ ਕੇ ਕਾਲਜ ਆਉਣਾ ਹੋਵੇਗਾ। ਇੰਨਾ ਹੀ ਨਹੀਂ, ਜੇਕਰ ਕੋਈ ਕੁੜੀ ਆਪਣੇ ਵਾਲ ਖੁੱਲੇ ਰੱਖਦੀ ਹੈ, ਤਾਂ ਉਸ ਨੂੰ ਕਾਲਜ ਵਿੱਚ ਦਾਖਲ ਨਹੀਂ  ਹੋਣ ਦਿੱਤਾ ਜਾਵੇਗਾ। ਸਰਦੀਆਂ ਦੇ ਮੌਸਮ ਵਿੱਚ ਸ਼ਾਹੀ ਨੀਲੀ ਕੁੜਤੀ, ਚਿੱਟੀ ਸਲਵਾਰ, ਚਿੱਟਾ ਦੁਪੱਟਾ, ਚਿੱਟਾ ਸੂਟ, ਕਾਲੀ ਜੁੱਤੀ ਅਤੇ ਰੌਇਲ ਬਲੂ ਬਲੇਜ਼ਰ ਅਤੇ ਕਾਰਡੀਗਨ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਗਲਪੁਰ ਦੇ ਸੁੰਦਰਵਤੀ ਮਹਿਲਾ ਮਹਾਵਿਦਿਆਲਿਆ (ਐਸਐਮ ਕਾਲਜ) ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਨਵੇਂ ਡ੍ਰੈੱਸ ਕੋਡ ਵਿੱਚ ਵਿਦਿਆਰਥਣਾਂ ਲਈ ਹੋਰ ਵੀ ਕਈ ਹਦਾਇਤਾਂ ਹਨ।

 

‘ਮੀਡੀਆ ਤੇ ਕੁਝ ਵਿਦਿਆਰਥਣਾਂ ਬਣਾ ਰਹੇ ਮੁੱਦਾ’
ਐਸਐਮ ਕਾਲਜ ਵਿੱਚ 12ਵੀਂ ਜਮਾਤ ਵਿੱਚ 15 ਸੌ ਵਿਦਿਆਰਥਣਾਂ ਦਾਖਲ ਹਨ। ਇਸ ਨਵੇਂ ਡ੍ਰੈੱਸ ਕੋਡ ਦੇ ਬਾਕੀ ਨਿਯਮਾਂ 'ਤੇ ਲੜਕੀਆਂ ਨਾਲ ਪੂਰਨ ਸਹਿਮਤੀ ਹੈ, ਪਰ ਵਾਲਾਂ ਨੂੰ ਬੰਨ੍ਹਣ ਦੇ ਫਰਮਾਨ 'ਤੇ ਗੁੱਸਾ ਹੈ। ਕੁਝ ਵਿਦਿਆਰਥਣਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਐਸਐਮ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਮਨ ਸਿਨਹਾ ਨੇ ਕਿਹਾ ਕਿ ਮੀਡੀਆ ਅਤੇ ਕੁਝ ਵਿਦਿਆਰਥਣਾਂ ਇਸ ਨੂੰ ਬੇਲੋੜੀ ਮਹੱਤਤਾ ਦੇ ਰਹੀਆਂ ਹਨ।

 

ਯੂਨੀਵਰਸਿਟੀ ’ਚ ਆਰਜੇਡੀ ਦੇ ਪ੍ਰਧਾਨ ਦਲੀਪ ਕੁਮਾਰ ਯਾਦਵ ਨੇ ਕਿਹਾ ਕਿ ਉਹ ਨਵੇਂ ਡ੍ਰੈੱਸ ਕੋਡ ਫੈਸਲਿਆਂ ਦਾ ਸਵਾਗਤ ਕਰਦੇ ਹਨ, ਪਰ ਧੀਆਂ ਦੇ ਖੁੱਲ੍ਹੇ ਵਾਲਾਂ 'ਤੇ ਪਾਬੰਦੀ ਕਾਲਜ ਪ੍ਰਸ਼ਾਸਨ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਨੂੰ ਇਹ ਬੇਹੂਦਾ ਫੈਸਲਾ ਛੇਤੀ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਉਹ ਵਾਈਸ ਚਾਂਸਲਰ ਨੂੰ ਮਿਲ ਕੇ ਇਸ ਬਾਰੇ ਸ਼ਿਕਾਇਤ ਕਰਨਗੇ। ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਸ਼ਾਂਤ ਬੈਨਰਜੀ ਨੇ ਵੀ ਕਾਲਜ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।