ਮਹਾਰਾਸ਼ਟਰ ਪੁਲਿਸ ਨੇ ਇੱਕ 19 ਸਾਲਾ ਨੌਜਵਾਨ ਨੂੰ ਆਪਣੀ 17 ਸਾਲਾ ਨਾਬਾਲਗ ਗਰਲਫ੍ਰੈਂਡ ਨੂੰ ਅਗਵਾ ਕਰਨ ਅਤੇ ਇਸ ਘਟਨਾ ਦੀ ਵੀਡੀਓ ਰਿਕਾਰਡ ਕਰਨ ਅਤੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਨਾਗਪੁਰ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੂੰ ਉਸਦੇ ਇੱਕ ਦੋਸਤ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਅਨੁਸਾਰ ਮੁਲਜ਼ਮ ਸਮੀਰ ਖਾਨ ਉਰਫ ਸਲੀਮ ਖਾਨ ਪੀੜਤ ਲੜਕੀ ਨੂੰ ਸਾਲ 2019 ਵਿੱਚ ਇੱਕ ਦੋਸਤ ਰਾਹੀਂ ਮਿਲਿਆ ਸੀ। ਇਸ ਤੋਂ ਬਾਅਦ, ਦੋਵੇਂ ਦੋਸਤ ਬਣ ਗਏ ਅਤੇ ਉਨ੍ਹਾਂ ਨੇ ਟਿਕਟੋਕ 'ਤੇ ਨਿਯਮਤ ਤੌਰ 'ਤੇ ਉਨ੍ਹਾਂ ਦੇ ਵੀਡੀਓ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ।
ਪੀੜਤ ਲੜਕੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਸਲੀਮ ਖਾਨ ਨੇ ਵਿਆਹ ਕਰਾਉਣ ਦੇ ਵਾਅਦੇ ਨਾਲ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ ਸਨ। ਹਾਲਾਂਕਿ, ਬਾਅਦ ਵਿਚ ਉਸਨੇ ਲੜਕੀ 'ਤੇ ਇਕ ਹੋਰ ਨੌਜਵਾਨ ਨਾਲ ਪ੍ਰੇਮ ਸਬੰਧ ਹੋਣ ਦਾ ਦੋਸ਼ ਲਗਾਉਂਦਿਆਂ ਦੋਸਤੀ ਤੋੜ ਦਿੱਤੀ। 18 ਜੂਨ ਨੂੰ ਸਲੀਮ ਨੇ ਆਪਣੇ ਦੋਸਤ ਸ਼ਕੀਨ ਮੁਹੰਮਦ ਸਿਦੀਕੀ (25) ਦੀ ਮਦਦ ਨਾਲ ਨਾਗਪੁਰ ਦੇ ਕਮਲ ਚੌਕ ਖੇਤਰ ਵਿਚ ਲੜਕੀ ਨੂੰ ਆਪਣੇ ਮੋਟਰਸਾਈਕਲ 'ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ।
ਇਸ ਦੌਰਾਨ ਸਲੀਮ ਖਾਨ ਨੇ ਇਸ ਅਗਵਾ ਦੀ ਵੀਡੀਓ ਵੀ ਸ਼ੂਟ ਕੀਤੀ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕਰ ਦਿੱਤੀ। ਉਹ ਲੜਕੀ ਨੂੰ ਜ਼ਬਰਦਸਤੀ ਬਿਠਾ ਭੱਟੀ ਖੇਤਰ ਲੈ ਗਿਆ, ਜਿਥੇ ਉਸਨੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਲੜਕੀ ਦਾ ਦੋਸ਼ ਹੈ ਕਿ ਉਹ ਕਿਸੇ ਤਰ੍ਹਾਂ ਉਥੋਂ ਭੱਜਣ ਵਿੱਚ ਸਫਲ ਹੋ ਗਈ।
ਕੁਝ ਸਥਾਨਕ ਨਿਵਾਸੀਆਂ ਨੇ ਟਵਿੱਟਰ 'ਤੇ ਨਾਗਪੁਰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਲੀਮ ਅਤੇ ਉਸਦੇ ਦੋਸਤ ਨੂੰ ਫੜ ਲਿਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਖਿਲਾਫ ਪੋਕਸੋ ਐਕਟ ਸਮੇਤ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।