ਬਰਨਾਲਾ: ਪਿਛਲੇ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਅੱਜ ਉਨ੍ਹਾਂ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜ ਕੇ ਵਿੱਢੀ ਮੁਹਿੰਮ ਤਹਿਤ ਸਥਾਨਕ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ ਪੱਤਰ ਦਿੱਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਜੋਧਪੁਰ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ 'ਚ ਕਾਬਜ਼ ਹੋਈ ਕਾਂਗਰਸ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੀ ਬਜਾਏ ਡਾਂਗਾਂ ਅਤੇ ਪਰਚੇ ਦਿੰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕੀ ਸਾਂਝੇ ਮੋਰਚੇ ਵੱਲੋਂ ਕਰੀਬ 9 ਮਹੀਨੇ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸੰਗਰੂਰ ਵਿਖੇ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ।
ਦੂਜੇ ਪਾਸੇ ਕਰੀਬ ਇਕ ਮਹੀਨੇ ਤੋਂ ਸੰਗਰੂਰ ਦੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਇੱਕ ਬੇਰੁਜ਼ਗਾਰ ਮੁਨੀਸ਼ ਫਾਜਲਿਕਾ ਆਪਣੀ ਭਰਤੀ ਸਮੇਤ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਕੱਢਣ ਦੀ ਮੰਗ ਲੈ ਕੇ ਚੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਬੇਰੁਜ਼ਗਾਰਾਂ ਦੀਆਂ ਮੰਗਾਂ ਤੋਂ ਜਾਣੂ ਹੋਣ ਮਗਰੋਂ ਵੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੈਠ ਕੇ ਗੱਲ ਕਰਨੀ ਯੋਗ ਨਾ ਸਮਝੀ ਤਾਂ 24 ਸਤੰਬਰ ਨੂੰ ਖਰੜ ਵਿਖੇ ਉਨ੍ਹਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਰਸ਼ਰਨ ਸਿੰਘ ਭੱਠਲ,ਜਗਸੀਰ ਸਿੰਘ ਜਲੂਰ,ਅਵਤਾਰ ਸਿੰਘ ਹਰੀਗੜ੍ਹ,ਗੁਰਦੀਪ ਸਿੰਘ,ਸੁਖਵੀਰ ਕੌਰ ਅਤੇ ਕਰਮਜੀਤ ਕੌਰ ਦੋਵੇਂ ਭਦੌੜ ਆਦਿ ਹਾਜ਼ਰ ਸਨ।
https://play.google.com/store/
https://apps.apple.com/in/app/