ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ 17 ਸਤੰਬਰ ਨੂੰ ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਬਣਾਉਣ ਵਾਲੇ ਦਿਨ ਦੀ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ।

ਸੁਖਬੀਰ ਬਾਦਲ ਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਕਿਹਾ ਹੈ ਕਿ ਕਾਲ਼ੇ ਖੇਤੀ ਕਨੂੰਨ ਲਾਗੂ ਹੋਣ ਦੇ ਇੱਕ ਸਾਲ ਪੂਰੇ ਹੋਣ 'ਤੇ, 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ 'ਕਾਲ਼ੇ ਦਿਨ' ਵਜੋਂ ਮਨਾਉਣ ਜਾ ਰਿਹਾ ਹੈ।
ਸਮੂਹ ਕਿਸਾਨ ਹਿਤੈਸ਼ੀਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਆਓ, ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ ਤੋਂ ਸੰਸਦ ਭਵਨ ਤੱਕ ਕੱਢੇ ਜਾ ਰਹੇ ਭਾਰੀ ਰੋਸ ਮਾਰਚ ਰਾਹੀਂ ਆਪਣਾ ਇੱਕਜੁੱਟ ਰੋਸ ਦਰਜ ਕਰਵਾਈਏ।



ਦੱਸ ਦਈਏ ਕਿ ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਮੀਟਿੰਗ ਕਰਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੇ ਸੁਝਾਅ ਦਿੱਤੇ ਸੀ। ਇਸ ਮਗਰੋਂ ਅਕਾਲੀ ਦਲ ਨੇ ਪਹਿਲ ਕਰਦਿਆਂ ਕਿਹਾ ਹੈ ਕਿ ਇਸ ਦਿਨ ਪਾਰਟੀ ਦੇ ਵਰਕਰ ਕਿਸਾਨਾਂ ਨਾਲ ਰਲ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕੱਢਣਗੇ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ।

ਇਸ ਬਾਰੇ ਫ਼ੈਸਲਾ ਪਾਰਟੀ ਦੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਹਲਕਾ ਸੇਵਾਦਾਰਾਂ ਤੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ ਸੀ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਡਟਿਆ ਰਹੇਗਾ।

ਅਕਾਲੀ ਦਲ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਹਰਸਿਮਰਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸੰਸਦ ਵਿਚ ਤਿੰਨ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਤੇ ਉਹ ਇਕੱਲੇ ਦੋ ਸੰਸਦ ਮੈਂਬਰ ਸਨ ਜਿਨ੍ਹਾਂ ਇਨ੍ਹਾਂ ਖ਼ਿਲਾਫ਼ ਵੋਟਾਂ ਪਾਈਆਂ। ਇਸ ਮਗਰੋਂ ਅਕਾਲੀ ਦਲ ਦੀ ਨੁਮਾਇੰਦਾ ਹਰਸਿਮਰਤ ਬਾਦਲ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਅਕਾਲੀ ਦਲ ਨੇ ਐਨਡੀਏ ਛੱਡ ਦਿੱਤਾ ਤੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ।

ਉਧਰ, ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਮਸਲਿਆਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤੀ ਨਸੀਹਤ ਦੇ ਮੁਤਾਬਕ ਚੱਲਣ ਦੀ ਤਾਕੀਦ ਕੀਤੀ। ਆਗੂਆਂ ਨੇ ਕਿਹਾ ਕਿ ਸਿਆਸੀ ਧਿਰਾਂ ਜਦੋਂ ਵੋਟਾਂ ਮੰਗਣ ਲਈ ਲੋਕ ਕਚਹਿਰੀ ਵਿੱਚ ਆਉਣਗੀਆਂ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।