ਲਖਨਊ: ਉੱਤਰ ਪ੍ਰਦੇਸ਼ ਵਿੱਚ ਜ਼ਿਲ੍ਹਾ ਪੰਚਾਇਤ ਪ੍ਰਧਾਨਾਂ ਦੀ ਚੋਣ ਵਿੱਚ ਭਾਜਪਾ ਨੇ ਰਿਕਾਰਡ ਜਿੱਤ ਦਰਜ ਕੀਤੀ ਹੈ। ਹੁਣ ਭਾਜਪਾ ਨੇ ਰਾਜ ਦੀਆਂ 75 ਵਿੱਚੋਂ 65 ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ’ਚ ਬੀਜੇਪੀ ਨੂੰ ਹਾਰ ਮਿਲੀ ਸੀ। ਇਸ ਲਈ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਵੀ ਧਰੀਆਂ-ਧਰਾਈਆਂ ਰਹਿ ਗਈਆਂ।

ਭਾਜਪਾ ਦੇ ਸਮਰਥਨ ਵਾਲੇ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ। ਜਦੋਂਕਿ ਸਮਾਜਵਾਦੀ ਪਾਰਟੀ (ਸਪਾ) ਨੂੰ 5 ਸੀਟਾਂ ਮਿਲੀਆਂ ਹਨ। ਇੱਕ ਉੱਤੇ ਉਸ ਦੇ ਸਹਿਯੋਗੀ ਆਰਐਲਡੀ ਨੇ ਜਿੱਤ ਹਾਸਲ ਕੀਤੀ ਹੈ। ਰਾਜਾ ਭਈਆ ਦੀ ਪਾਰਟੀ ਨੇ ਪ੍ਰਤਾਪਗੜ੍ਹ ਸੀਟ ਜਿੱਤੀ ਹੈ। ਸਾਲ 2016 ਦੀਆਂ ਇਨ੍ਹਾਂ ਚੋਣਾਂ ਵਿੱਚ ਸਪਾ ਨੇ 63 ਸੀਟਾਂ ਜਿੱਤੀਆਂ ਸਨ।

 
ਇਸ ਤੋਂ ਪਹਿਲਾਂ ਜ਼ਿਲ੍ਹਾ ਪੰਚਾਇਤ ਪ੍ਰਧਾਨਾਂ ਦੀ ਚੋਣ ਲਈ ਰਾਜ ਦੇ 53 ਜ਼ਿਲ੍ਹਿਆਂ ਵਿੱਚ ਵੋਟਾਂ ਪਈਆਂ ਸਨ। ਵੋਟਿੰਗ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੀ। ਨਤੀਜੇ ਵੀ ਸ਼ਾਮ 4 ਵਜੇ ਤੋਂ ਆਉਣੇ ਸ਼ੁਰੂ ਹੋ ਗਏ ਸਨ। ਭਾਜਪਾ ਉਮੀਦਵਾਰਾਂ ਨੇ ਲਖਨਊ, ਅਯੁੱਧਿਆ, ਮਥੁਰਾ, ਕੁਸ਼ੀਨਗਰ, ਸੁਲਤਾਨਪੁਰ, ਔਰਈਆ, ਫਤਿਹਪੁਰ ਸਮੇਤ 44 ਜ਼ਿਲ੍ਹਿਆਂ ਵਿਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਰਾਜ ਦੇ 22 ਜ਼ਿਲ੍ਹਿਆਂ ਵਿੱਚ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ। ਇਨ੍ਹਾਂ ਵਿੱਚੋਂ 21 ਸੀਟਾਂ ਭਾਜਪਾ ਤੇ ਇੱਕ ਸਪਾ ਨੇ ਹਾਸਲ ਕੀਤੀ ਸੀ।

 

PM ਨਰਿੰਦਰ ਮੋਦੀ ਨੇ ਭਾਜਪਾ ਨੂੰ ਜਿੱਤ ਲਈ ਦਿੱਤੀ ਵਧਾਈ
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਜਨਤਾ ਵੱਲੋਂ ਵਿਕਾਸ, ਲੋਕ ਸੇਵਾ ਅਤੇ ਕਾਨੂੰਨ ਦੇ ਸ਼ਾਸਨ ਲਈ ਦਿੱਤਾ ਆਸ਼ੀਰਵਾਦ ਹੈ। ਇਸ ਦਾ ਸਿਹਰਾ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਜੀ ਦੀਆਂ ਨੀਤੀਆਂ ਅਤੇ ਪਾਰਟੀ ਵਰਕਰਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ।

 

ਕਿਵੇਂ ਚੁਣਿਆ ਜਾਂਦਾ ਜ਼ਿਲ੍ਹਾ ਪੰਚਾਇਤ ਦਾ ਪ੍ਰਧਾਨ?
ਜ਼ਿਲ੍ਹਾ ਪੰਚਾਇਤ ਦਾ ਪ੍ਰਧਾਨ ਚੁਣਨ ਤੋਂ ਪਹਿਲਾਂ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਯੂਪੀ ਵਿੱਚ ਕੁੱਲ 3050 ਜ਼ਿਲ੍ਹਾ ਪੰਚਾਇਤ ਮੈਂਬਰ ਹਨ। ਭਾਜਪਾ ਦੇ 603 ਤੇ ਸਮਾਜਵਾਦੀ ਪਾਰਟੀ ਦੇ 842 ਜਿੱਤੇ ਹਨ। ਆਜ਼ਾਦ ਉਮੀਦਵਾਰ 1088 ਹਨ।

 
ਇਨ੍ਹਾਂ ਜ਼ਿਲ੍ਹਿਆਂ ਵਿੱਚ ਰਹੀ ਸਖ਼ਤ ਟੱਕਰ
ਸਭ ਤੋਂ ਸਖ਼ਤ ਮੁਕਾਬਲਾ ਜੌਨਪੁਰ ਜ਼ਿਲ੍ਹੇ ਵਿੱਚ ਰਿਹਾ। ਇੱਥੇ ਭਾਜਪਾ ਦੀ ਸਹਿਯੋਗੀ ਅਪਨਾ ਦਲ ਐਸ ਦੇ ਉਮੀਦਵਾਰ ਤੇ ਤਿੰਨ ਹੋਰ ਉਮੀਦਵਾਰ ਮੈਦਾਨ ਵਿੱਚ ਹਨ। ਸਾਬਕਾ ਸੰਸਦ ਮੈਂਬਰ ਬਾਹੂਬਲੀ ਧਨੰਜੈ ਸਿੰਘ ਦੀ ਪਤਨੀ ਸ੍ਰੀਕਲਾ ਵੀ ਇਸ ਵਿੱਚ ਸ਼ਾਮਲ ਹਨ। ਪ੍ਰਤਾਪਗੜ, ਔਰਈਆ, ਅਯੁੱਧਿਆ, ਮੁਜ਼ੱਫਰਨਗਰ, ਮੁਰਾਦਾਬਾਦ, ਰਾਮਪੁਰ ਵਿਚ ਜ਼ਬਰਦਸਤ ਮੁਕਾਬਲਾ ਹੋਇਆ।

ਉਧਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਜ਼ਿਲ੍ਹਾ ਪੰਚਾਇਤ ਮੁਖੀਆਂ ਲਈ ਹੋਈ ਚੋਣ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਪਾ ਆਗੂ ਨੇ ਦੋਸ਼ ਲਾਇਆ ਕਿ ਵੋਟਰਾਂ ਨੂੰ ‘ਅਗਵਾ’ ਕਰ ਕੇ ‘ਧੱਕੇ’ ਨਾਲ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਯਾਦਵ ਨੇ ਕਿਹਾ ਕਿ ਭਾਜਪਾ ਨੇ ਆਪਣੀ ਹਾਰ ਨੂੰ ਜਿੱਤ ਵਿਚ ਬਦਲਣ ਲਈ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਲਈ ਤੇ ਵੋਟਰਾਂ ਨੂੰ ਵੋਟ ਪਾਉਣ  ਤੋਂ ਰੋਕਿਆ।