ਚੰਡੀਗੜ੍ਹ: ਦੇਸ਼ ਵਿੱਚ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਚੰਡੀਗੜ੍ਹ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਇੱਕ ਵਿਸ਼ੇਸ਼ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ ਕੋਰੋਨਾਵਾਇਰਸ ਦੇ ਉਨ੍ਹਾਂ ਮਰੀਜ਼ਾਂ ਤੱਕ ਮੁਫਤ ਭੋਜਨਪਹੁੰਚਾਇਆ ਜਾਵੇਗਾ, ਜੋ ਘਰਾਂ 'ਚ ਖਾਣਾ ਨਹੀਂ ਬਣਾ ਸਕਦੇ। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ - 2 ਹੋਟਲ The Altius ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।


 


ਹੋਟਲ ਦੇ ਮਾਲਕ ਐਮਪੀਐਸ ਚਾਵਲਾ ਨੇ ਦੱਸਿਆ ਕਿ ਇਸ ਮਿਸ਼ਨ ਦੇ ਪਹਿਲੇ ਦਿਨ 180 ਦੇ ਲਗਭਗ ਕੋਰੋਨਾ ਮਰੀਜ਼ਾਂ ਦੇ ਘਰ ਲੰਚ ਪਹੁੰਚਾਇਆ ਗਿਆ। ਇਸ ਮਿਸ਼ਨ ਤਹਿਤ ਖਾਣਾ ਪਕਾ ਕੇ ਹੋਟਲ ਵਿੱਚ ਪੈਕ ਕੀਤਾ ਜਾਵੇਗਾ ਅਤੇ ਮਰੀਜ਼ਾਂ ਦੇ ਘਰਾਂ ਤੱਕ ਭੇਜਿਆ ਜਾਵੇਗਾ। ਇਸ ਦੇ ਲਈ, ਸੋਸ਼ਲ ਮੀਡੀਆ 'ਤੇ ਇਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਕਾਲ ਕਰਕੇ ਜਾਂ ਵਟਸਐਪ 'ਤੇ ਮੈਸੇਜ ਕਰਕੇ ਖਾਣੇ ਲਈ ਕਿਹਾ ਜਾ ਸਕਦਾ ਹੈ। 


 


ਮਰੀਜ਼ਾਂ ਦੁਆਰਾ ਦਿੱਤੇ ਪਤੇ 'ਤੇ ਖਾਣਾ ਪੈਕ ਕਰਕੇ ਭੇਜਿਆ ਜਾਵੇਗਾ। ਇਸ ਮਿਸ਼ਨ ਤਹਿਤ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਅਤੇ ਡਿਨਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੱਸ ਦਿੱਤੋ ਗਿਆ ਹੈ ਤੇ ਹੋਰਨਾਂ ਹੋਟਲਾਂ ਦੇ ਮਾਲਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ, ਤਾਂ ਜੋ ਇਸ ਮੁਹਿੰਮ ਨੂੰ ਹੋਰ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਕਾਰਨ, ਹੋਟਲ ਉਦਯੋਗ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।