ਚੰਡੀਗੜ੍ਹ: ਦਿੱਲੀ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਡ੍ਰੱਗ ਰੈਕੇਟ ਦਾ ਪਰਦਾਸ਼ ਕਰਦਿਆਂ 354 ਕਿਲੋਗ੍ਰਾਮ ਬਿਲਕੁਲ ਸ਼ੁੱਧ ਹੈਰੋਇਨ ਤੇ 100 ਕਿਲੋ ਕੈਮੀਕਲ ਬਰਾਮਦ ਕੀਤਾ ਹੈ, ਜਿਨ੍ਹਾਂ ਨੂੰ ਮਿਲਾ ਕੇ ਇੱਕ ਕਿਲੋਗ੍ਰਾਮ ਹੈਰੋਇਨ ਤੋਂ ਤਿੰਨ ਕਿੱਲੋ ਚਿੱਟਾ (ਹੈਰੋਇਨ) ਤਿਆਰ ਕੀਤਾ ਜਾਣਾ ਸੀ। ਇਹ ਨਸ਼ੇ ਮਿਲਾਉਣ ਦਾ ਕੰਮ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਹੁੰਦਾ ਸੀ।

ਇੰਝ 354 ਕਿਲੋਗ੍ਰਾਮ ਹੈਰੋਇਨ ਤੋਂ ਕੁੱਲ 1,062 ਕਿਲੋਗ੍ਰਾਮ ਚਿੱਟਾ ਤਿਆਰ ਹੋਣਾ ਸੀ। ਦਿੱਲੀ ਪੁਲਿਸ ਨੇ ਜਲੰਧਰ ਦੇ ਪਿੰਡ ਜਮਸ਼ੇਰ ਖਾਸ ਦੇ ਵਸਨੀਕ ਗੁਰਪ੍ਰੀਤ ਸਿੰਘ ਗੋਪੀ ਤੇ ਜਲੰਧਰ ਕੈਂਟ ਦੇ ਮੁਹੱਲਾ ਨੰਬਰ-8 ਗੁਰਜੋਤ ਸਿੰਘ ਗੋਲੂ ਤੋਂ ਇਲਾਵਾ ਅਫਗਾਨ ਨਾਗਰਿਕ ਹਜ਼ਰਤ ਅਲੀ ਤੇ ਇੱਕ ਕਸ਼ਮੀਰੀ ਰਿਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

 

ਗੋਲੂ ਜਲੰਧਰ ਦੇ ਪਿੰਡ ਧੀਨਾ ਦਾ ਵਸਨੀਕ ਹੈ। ਉਸ ਦੀ ਮਾਂ ਇੱਕ ਅਧਿਆਪਕਾ ਹੈ ਤੇ ਪਿਤਾ ਇੱਕ ਆਟੋ ਚਾਲਕ ਹੈ। ਬਰਾਮਦ ਕੀਤੀ ਗਈ ਖੇਪ ਨੂੰ ਅੰਮ੍ਰਿਤਸਰ ਦੇ ਪਿੰਡ ਵਜ਼ੀਰ ਭੁੱਲਰ ਦੇ ਵਸਨੀਕ ਨਵਪ੍ਰੀਤ ਸਿੰਘ ਨਵ ਨੇ ਭੇਜਿਆ ਸੀ, ਜੋ ਨਸ਼ਿਆਂ ਦੀ ਇਸ ਖੇਡ ਦਾ ਸਰਗਨਾ ਦੱਸਿਆ ਜਾ ਰਿਹਾ ਹੈ। ਤਿੰਨ ਗੁਣਾ ਚਿੱਟਾ ਤਿਆਰ ਹੋਣ ਤੋਂ ਬਾਅਦ ਸਪਲਾਈ ਪੰਜਾਬ ਦੇ ਨਾਲ ਨਾਲ ਦਿੱਲੀ, ਹਰਿਆਣਾ, ਰਾਜਸਥਾਨ, ਜੰਮੂ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੀਤੀ ਜਾਣੀ ਸੀ। ਸ਼ਾਇਦ ਇਹ ਨਸ਼ਾ ਸਪਲਾਈ ਕਰਨ ਲਈ ਕੇਂਦਰ ਜਲੰਧਰ ਨੂੰ ਬਣਾਉਣਾ ਸੀ। ਦਿੱਲੀ ਪੁਲਿਸ ਸ਼ਿਵਪੁਰੀ ਵਿਚ ਮਿਕਸਿੰਗ ਕਰਨ ਵਾਲੇ ਇਸ ਪੂਰੇ ਨੈੱਟਵਰਕ ਨੂੰ ਕਾਬੂ ਕਰਨ ਲਈ ਪੁੱਛਗਿੱਛ ਕਰ ਰਹੀ ਹੈ।

 

ਦਿੱਲੀ ਪੁਲਿਸ ਅਨੁਸਾਰ, ਅਫਗਾਨਿਸਤਾਨ ਦੇ ਕੁਝ ਹਿੱਸਿਆਂ ਵਿੱਚ ਉਗਾਈ ਗਈ ਅਫੀਮ ਵੱਖ-ਵੱਖ ਜਾਇਜ਼ ਬਰਾਮਦ ਜਿਵੇਂ ਕਿ ਟਾਕ ਪੱਥਰ, ਜਿਪਸਮ ਪਾਊਡਰ, ਤੁਲਸੀ ਦੇ ਬੀਜ ਤੇ ਪੈਕਿੰਗ ਸਮੱਗਰੀ ਜਿਵੇਂ ਕਿ ਬਾਰਦਾਨੇ ਤੇ ਕਾਰਟਨ ਵਿੱਚ ਲੁਕਾਇਆ ਜਾਂਦਾ ਸੀ। ਫਿਰ ਇਸ ਨੂੰ ਕੰਟੇਨਰਾਂ ਵਿੱਚ ਈਰਾਨ ਦੀ ਚਾਬਹਾਰ ਬੰਦਰਗਾਹ ਵਿੱਚ ਲਿਜਾਇਆ ਜਾਂਦਾ ਸੀ। ਉੱਥੋਂ ਇਹ ਪਾਬੰਦੀਸ਼ੁਦਾ ਖੇਪ ਜੇਐਨਪੀਟੀ ਜਵਾਹਰ ਲਾਲ ਨਹਿਰੂ ਪੋਰਟ ਟ੍ਰੱਸਟ ਮੁੰਬਈ ਨੂੰ ਭੇਜੀ ਜਾਂਦੀ ਸੀ।

 

ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ ਢਾਈ ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਹੈਰੋਇਨ ਦੀ ਤਸਕਰੀ ਵਿੱਚ ਦੋ ਕਾਰਾਂ ਤੇ ਇੱਕ ਸਕੂਟੀ ਨੂੰ ਕਾਬੂ ਕੀਤਾ ਹੈ। ਗੁਰਜੋਤ ਸਿੰਘ ਗੋਲੂ ਨੇ ਮੰਨਿਆ ਕਿ ਉਹ ਜਲੰਧਰ ਵਿੱਚ ਸਨੈਚਿੰਗ ਕਰਦਾ ਸੀ, ਜਦਕਿ ਗੁਰਪ੍ਰੀਤ ਸਿੰਘ ਗੋਪੀ ਚਿੱਟਾ ਪੀਣ ਦਾ ਆਦੀ ਸੀ। ਜੇਲ੍ਹ ਵਿੱਚ ਉਹ ਨਵਪ੍ਰੀਤ ਨਾਲ ਦੋਸਤ ਬਣ ਗਿਆ। ਖੇਪ ਈਰਾਨ ਤੋਂ ਆਈ ਸੀ ਤੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਖੇ ਮਿਲਾਇਆ ਜਾਣਾ ਸੀ।

 

ਨਸ਼ਿਆਂ ਦੀ ਖੇਪ ਮਿਲੀ ਕਾਰ ਤੇ ਬਿਸਤਰੇ ’ਚੋਂ
ਸਬ-ਇੰਸਪੈਕਟਰ ਸੁੰਦਰ ਗੌਤਮ ਤੇ ਸਬ-ਇੰਸਪੈਕਟਰ ਯਸ਼ਪਾਲ ਭਾਟੀ ਦੇ ਸਹਿਯੋਗ ਨਾਲ ਇੰਸਪੈਕਟਰ ਵਿਨੋਦ ਕੁਮਾਰ ਬਡੋਲਾ ਦੀ ਅਗਵਾਈ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਲਲਿਤ ਮੋਹਨ ਨੇਗੀ ਤੇ ਦਿਲ ਭੂਸ਼ਣ ਦੀ ਦੇਖ-ਰੇਖ ਹੇਠ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

 

ਸਪੈਸ਼ਲ ਸੈੱਲ ਨੇ ਰਿਜ਼ਵਾਨ ਅਹਿਮਦ ਉਰਫ ਰਿਜਵਾਨ ਕਸ਼ਮੀਰੀ ਨਿਵਾਸੀ ਅਨੰਤਨਾਗ ਨੂੰ ਦਿੱਲੀ ਦੇ ਘਿਟੋਰਨੀ ਇਲਾਕੇ ਤੋਂ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ। ਉਹ ਅੰਤਰਰਾਸ਼ਟਰੀ ਡ੍ਰੱਗ ਰੈਕੇਟ ਦਾ ਕੋਰੀਅਰ ਹੈ। ਸਾਰਾ ਰੈਕੇਟ ਅਫਗਾਨਿਸਤਾਨ ਤੋਂ ਚੱਲ ਰਿਹਾ ਹੈ। ਦਿੱਲੀ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਗੁਰਜੋਤ ਸਿੰਘ ਨੂੰ ਐਨਐਸਜੀ ਵਿਹਾਰ ਕੋ-ਆਪਰੇਟਿਵ ਹਾਊਸਿੰਗ ਸੁਸਾਇਟੀ, ਸੈਕਟਰ 65, ਫਰੀਦਾਬਾਦ ਵਿਖੇ ਗ੍ਰਿਫਤਾਰ ਕੀਤਾ ਹੈ।

 

ਗੁਰਪ੍ਰੀਤ ਤੇ ਗੋਲੂ ਦੇ ਇਸ਼ਾਰੇ 'ਤੇ ਸੁਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੀ ਹੁੰਡਈ ਵਰਨਾ ਕਾਰ ’ਚੋਂ 166 ਕਿਲੋ ਸ਼ੁੱਧ ਹੈਰੋਇਨ, ਹੌਂਡਾ ਅਮੇਜ਼ ਕਾਰ ’ਚੋਂ 115 ਕਿਲੋ ਅਤੇ ਉਨ੍ਹਾਂ ਦੇ ਕਮਰਿਆਂ ਵਿਚੋਂ 70 ਕਿਲੋ ਹੈਰੋਇਨ ਮਿਲੀ ਹੈ। ਇੰਨਾ ਹੀ ਨਹੀਂ, ਰਿਜ਼ਵਾਨ ਕਸ਼ਮੀਰੀ ਦੇ ਦੱਸੇ ਮੁਤਾਬਕ ਅਫਗਾਨ ਨਾਗਰਿਕ ਹਜ਼ਰਤ ਅਲੀ ਨੂੰ ਵੀ ਹਰਿਆਣਾ ਦੇ ਗੁਰੂਗ੍ਰਾਮ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਵੀ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

 

ਅੰਮ੍ਰਿਤਸਰ ਦੇ ਪਿੰਡ ਵਜ਼ੀਰ ਭੁੱਲਰ ਦਾ ਨਵਪ੍ਰੀਤ ਪੁਰਤਗਾਲ ਤੋਂ ਚਲਾਉਂਦਾ ਰਿਹਾ ਨਸ਼ੀਲਾ ਕਾਰੋਬਾਰ
ਅੰਮ੍ਰਿਤਸਰ ਦੇ ਵਜ਼ੀਰ ਭੁੱਲਰ ਦੇ ਵਸਨੀਕ ਨਵਪ੍ਰੀਤ ਸਿੰਘ ਦਾ ਨਾਮ ਡਰੱਗ ਰੈਕੇਟ ਵਿਚ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਨਵਪ੍ਰੀਤ ਦੀਆਂ ਨਸ਼ਿਆਂ ਦੀਆਂ ਕਈ ਖੇਪਾਂ ਫੜੀਆਂ ਹਨ। ਉਹ ਜਲੰਧਰ, ਕਪੂਰਥਲਾ ਤੇ ਮੁਹਾਲੀ ਪੁਲਿਸ ਨੂੰ ਲੋੜੀਂਦਾ ਹੈ। ਫਿਲੌਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਚਿੰਟੂ ਦੇ ਮਾਮਲੇ' ਚ ਵੀ ਨਵਪ੍ਰੀਤ ਦਾ ਨਾਮ ਸਾਹਮਣੇ ਆਇਆ ਸੀ। ਉਸ ਦੀਆਂ ਤਾਰਾਂ ਅਫਗਾਨਿਸਤਾਨ ਦੇ ਈਸ਼ਾ ਖਾਨ ਨਾਲ ਜੁੜੀਆਂ ਹੋਈਆਂ ਹਨ।

 

ਖਾਨ ਹੀ ਨਵਪ੍ਰੀਤ ਦੇ ਇਸ਼ਾਰੇ 'ਤੇ ਨਸ਼ਾ ਭਾਰਤ ਭੇਜਦਾ ਸੀ। ਦੋਸ਼ੀਆਂ ਗੁਰਪ੍ਰੀਤ ਤੇ ਗੁਰਜੋਤ ਨੇ ਦੱਸਿਆ ਕਿ ਇਸ ਰੈਕੇਟ ਦਾ ਕਿੰਗਪਿਨ ਨਵਪ੍ਰੀਤ ਸਿੰਘ ਪੁਰਤਗਾਲ ਵਿੱਚ ਹੈ। ਮੁਲਜ਼ਮ ਦਾ ਮੰਨਣਾ ਹੈ ਕਿ ਉਹ ਨਵਪ੍ਰੀਤ ਨੂੰ ਕਪੂਰਥਲਾ ਜੇਲ੍ਹ ਵਿੱਚ ਮਿਲਿਆ ਸੀ। ਫਿਰ ਉਹ ਨਸ਼ਿਆਂ ਦੇ ਦੋਸ਼ ਅਧੀਨ ਜੇਲ੍ਹ ਵਿਚ ਕੈਦ ਰਿਹਾ ਸੀ।