ਆਨੰਦਪੁਰ ਸਾਹਿਬ: ਖਾਲਸਾਈ ਸ਼ਾਨੋਸ਼ੋਕਤ ਦਾ ਪ੍ਰਤੀਕ ਹੋਲਾ ਮੋਹਲਾ ਦੇ ਪਹਿਲੇ ਪੜਾਅ ਦੀ ਅੱਜ ਸਮਾਪਤੀ ਹੋ ਗਈ ਹੈ। ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਸ ਤੋਂ ਬਾਅਦ ਹੁਣ ਸੰਗਤਾਂ ਵਹੀਰਾ ਘਤ ਕੇ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਹਨ। ਬੇਸ਼ਕ ਕੋਰੋਨਾ ਦੇ ਪ੍ਰਕੋਪ ਕਾਰਨ ਪ੍ਰਸ਼ਾਸਨ ਵਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਫਿਰ ਵੀ ਸੰਗਤ 'ਚ ਢਾਡਾ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਗਿਆਨੀ ਰਘਬੀਰ ਸਿੰਘ ਨੇ ਏਬੀਪੀ ਸਾਂਝਾ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਕਾਰਨ ਆਨੰਦਪੁਰ ਸਾਹਿਬ ਸੰਗਤ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਹ ਗੁਰੂ ਦੀ ਧਰਤੀ ਹੈ ਅਤੇ ਹਰ ਸਿੱਖ ਨਤਮਸਤਕ ਹੋਣ ਲਈ ਪਹੁੰਚਦਾ ਹੈ। ਹਰ ਸਿੱਖ ਨੂੰ ਬੇਨਤੀ ਹੈ ਕਿ ਉਹ ਗੁਰੂ ਘਰ ਨਤਮਸਤਕ ਹੋਣ ਆਉਣ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਰਾਸਤ-ਏ-ਖਾਲਸਾ ਬੰਦ ਕੀਤਾ ਗਿਆ ਹੈ ਇਹ ਨਹੀਂ ਹੋਣਾ ਚਾਹੀਦਾ ਸੀ। ਸੰਗਤ ਦੂਰੋਂ-ਦੂਰੋਂ ਦਰਸ਼ਨਾਂ ਲਈ ਆਉਂਦੀ ਹੈ ਪਰ ਹੁਣ ਉਹ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਨਹੀਂ ਕਰ ਪਾਏਗੀ। ਆਪਣੇ ਵਿਰਸੇ ਨੂੰ ਜਾਨਣ ਲਈ ਸੰਗਤ ਵਿਰਾਸਤ-ਏ-ਖਾਲਸਾ ਜ਼ਰੂਰ ਜਾਂਦੀ ਹੈ। ਐਸਜੀਪੀਸੀ ਵਲੋਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸਮਾਗਮਾਂ 'ਚ ਨਹੀਂ ਕੀਤੀ ਗਈ ਹੈ। ਕੱਲ੍ਹ ਸਵੇਰੇ 8 ਵਜੇ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਹੋਲੇ ਮੋਹਲੇ ਦਾ ਆਗਾਜ਼ ਹੋ ਜਾਏਗਾ।